ਮੌਨਸੂਨ ਠੀਕ ਰਿਹਾ ਤਾਂ ਕਿਸਾਨਾਂ ਦੀ 20 ਫੀਸਦੀ ਆਮਦਨ ਵਧੇਗੀ

ਸੰਦੌੜ, 30 ਮਈ (ਹਰਮਿੰਦਰ ਸਿੰਘ ਭੱਟ/ਪੰਜਾਬ ਮੇਲ) – ਚੰਡੀਗੜ੍ਹ: ਇਸ ਸਾਲ ਮੌਨਸੂਨ ਵਧੀਆ ਹੋਣ ਕਾਰਨ ਕਾਸਨਾਂ ਦੀ ਆਮਦਨ 20 ਫੀਸਦੀ ਵੱਧਣ ਦੀ ਉਮੀਦ ਹੈ। ਇਹ ਗੱਲ ਜੇ.ਐਮ. ਫਾਇਨਾਂਸ਼ਲ ਵੱਲੋਂ ਕਰਾਏ ਤੀਜੇ ਸਾਲਾਨਾ ਪੇਂਡੂ ਸਰਵੇਖਣ ਦੀ ਰਿਪੋਰਟ ‘ਰੂਰਲ ਸਫਾਰੀ’ ਵਿੱਚ ਸਾਹਮਣੇ ਆਈ ਹੈ। ਜਿਸ ਮੁਤਾਬਕ ਵਰ੍ਹੇ 2017 ਵਿੱਚ ਮੌਨਸੂਨ ਠੀਕ ਰਹਿਣ ਕਾਰਨ ਝਾੜ ਵਧੇਗਾ ਤੇ ਕਿਸਾਨਾਂ ਦੀ 20 ਫੀਸਦੀ ਆਮਦਨ ਵਧੇਗੀ। ਇੰਨਾ ਹੀ ਨਹੀਂ ਬਲਕਿ ਦਿਹਾਤੀ ਆਮਦਨ ਵਿੱਚ ਵੀ 12 ਫੀਸਦੀ ਵਾਧਾ ਹੋ ਸਕਦਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਸੋਕੇ ਕਾਰਨ ਕਰਜ਼ਾ 22 ਫ਼ੀਸਦੀ ਹੋ ਗਿਆ ਹੈ। ਸਾਲ 2014-15 ਵਿੱਚ ਕਿਸਾਨਾਂ ਦੀ ਆਮਦਨ ਤਿੰਨ ਫ਼ੀਸਦੀ ਘਟੀ ਅਤੇ 2015-16 ਵਿੱਚ 4 ਫੀਸਦੀ ਘਟ ਗਈ। ਸਾਲ 2014-15 ਵਿੱਚ ਮੌਨਸੂਨ 12 ਫ਼ੀਸਦੀ ਘੱਟ ਰਹੀ ਸੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਸ ਸਾਲ 106 ਫ਼ੀਸਦੀ ਮੀਂਹ ਪੈਣਗੇ। ਰਿਪੋਰਟ ਮੁਤਾਬਕ ਦਸੰਬਰ 2010 ਵਿੱਚ ਪੇਂਡੂ ਕਰਜ਼ਾ 16.8 ਫ਼ੀਸਦੀ ਸੀ ਅਤੇ 2015 ਵਿੱਚ ਦੇ ਅੰਤ ਵਿੱਚ ਇਹ ਵਧ ਕੇ 20.3 ਫ਼ੀਸਦੀ ਹੋ ਗਿਆ।
ਪੇਂਡੂ ਖੇਤਰਾਂ ਵਿੱਚ ਵੱਧ ਕਰਜ਼ਾ ਲੈਣ ਦਾ ਸੰਕੇਤ ਹੈ ਕਿ ਖੇਤੀਬਾੜੀ ਨਾਲ ਜੁੜੇ ਪਰਿਵਾਰਾਂ ਦੀ ਆਮਦਨ ਘਟ ਰਹੀ ਹੈ। ਖੇਤੀ ‘ਤੇ ਲਾਗਤ ਵਧਣ ਤੇ ਆਮਦਨ ਘਟਣ ਕਾਰਨ ਇਕ ਆਮ ਕਿਸਾਨ ਦੀ 2013-14 ਵਿੱਚ ਕਰਜ਼ੇ ਦੀ ਲੋੜ 7.8 ਫ਼ੀਸਦੀ ਹੋ ਗਈ ਸੀ, ਜੋ 2015-16 ਵਿੱਚ ਵਧ ਕੇ 9.8 ਫ਼ੀਸਦੀ ਹੋ ਗਈ। ਇਸ ਨਾਲ ਲੋੜਾਂ ਪੂਰੀਆਂ ਕਰਨ ਲਈ ਚੁੱਕੇ ਕਰਜ਼ ਤੇ ਆਮਦਨ ਵਿੱਚ ਪਾੜਾ ਵਧ ਗਿਆ। ਇਸ ਸਰਵੇਖਣ ਰਿਪੋਰਟ ਵਿੱਚ ਅੱਠ ਸੂਬਿਆਂ ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਤਾਮਿਲ ਨਾਡੂ ਅਤੇ ਯੂਪੀ ਦੇ 14 ਜਿਲ੍ਹਿਆਂ ਦਾ ਅਧਿਐਨ ਕੀਤਾ ਗਿਆ ਹੈ। ਸਰਵੇਖਣ ਮੁਤਾਬਕ ਪਿਛਲੇ ਦੋ ਸਾਲਾਂ ਤੋਂ ਸੋਕੇ ਕਾਰਨ ਕਿਸਾਨਾਂ ਦੀ ਆਮਦਨ ਨੂੰ ਵੱਡੀ ਸੱਟ ਵੱਜੀ ਹੈ।
ਇਸ ਨਾਲ ਰੀਅਲ ਅਸਟੇਟ ਕਾਰੋਬਾਰ ਵਿੱਚ ਵੀ ਮੰਦੀ ਛਾ ਗਈ ਹੈ। ਫਸਲਾਂ ਦੇ ਘੱਟ ਤੋਂ ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧੇ ਦੀ ਦਰ ਮੱਠੀ ਰਹਿਣ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਖੇਤੀ ਘਾਟੇ ਵਾਲਾ ਸੌਦਾ ਬਣਦੀ ਜਾ ਰਹੀ ਹੈ। ਇਸ ਤੋਂ ਇਲਾਵਾ ਲਾਗਤ ਵਧ ਗਈ ਹੈ ਤੇ ਆਮਦਨ ਘੱਟ ਗਈ ਹੈ। ਰਿਪੋਰਟ ਮੁਤਾਬਕ ਇਸ ਸਾਲ ਮੌਨਸੂਨ ਠੀਕ ਰਹਿਣ ਨਾਲ ਪ੍ਰਤੀ ਏਕੜ 10-12 ਫ਼ੀਸਦ ਲਾਭ ਵਧਣ ਦੀ ਉਮੀਦ ਹੈ।
There are no comments at the moment, do you want to add one?
Write a comment