PUNJABMAILUSA.COM

ਮੋਹਾਲੀ ਹਵਾਈ ਅੱਡੇ ਦਾ ਵੀ ਕੋਈ ਲਾਭ ਨਹੀਂ ਪ੍ਰਵਾਸੀ ਪੰਜਾਬੀਆਂ ਨੂੰ

ਮੋਹਾਲੀ ਹਵਾਈ ਅੱਡੇ ਦਾ ਵੀ ਕੋਈ ਲਾਭ ਨਹੀਂ ਪ੍ਰਵਾਸੀ ਪੰਜਾਬੀਆਂ ਨੂੰ

ਮੋਹਾਲੀ ਹਵਾਈ ਅੱਡੇ ਦਾ ਵੀ ਕੋਈ ਲਾਭ ਨਹੀਂ ਪ੍ਰਵਾਸੀ ਪੰਜਾਬੀਆਂ ਨੂੰ
September 21
11:03 2016

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
planeਕਾਫੀ ਲੰਬੀ ਜੱਦੋ-ਜਹਿਦ ਤੋਂ ਬਾਅਦ ਆਖਰ ਮੋਹਾਲੀ ਤੋਂ ਕੌਮਾਂਤਰੀ ਹਵਾਈ ਅੱਡੇ ਦਾ ਆਗਾਜ਼ ਤਾਂ ਹੋ ਗਿਆ ਹੈ, ਪਰ ਇਸ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦਾ ਆਰੰਭ ਨਾ ਹੋਣ ਕਰਕੇ ਯੂਰਪ, ਇੰਗਲੈਂਡ, ਉੱਤਰੀ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿਚ ਰਹਿ ਰਹੇ ਵੱਡੀ ਗਿਣਤੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਣ ਦਾ ਸੰਕੇਤ ਨਹੀਂ ਹੈ। ਚੰਡੀਗੜ੍ਹ ਤੋਂ ਕੌਮਾਂਤਰੀ ਹਵਾਈ ਅੱਡੇ ਦੀ ਸ਼ੁਰੂਆਤ ਬੇਹੱਦ ਸੁਆਗਤਯੋਗ ਹੈ। ਕਿਉਂਕਿ ਇਸ ਜਗ੍ਹਾ ਤੋਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਹੁੰਦੀਆਂ ਹਨ, ਤਾਂ ਇਸ ਨਾਲ ਪੰਜਾਬ, ਜੰਮੂ-ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਖੇਤਰ ਦੇ ਲੋਕਾਂ ਨੂੰ ਬੜਾ ਲਾਭ ਪੁੱਜ ਸਕਦਾ ਹੈ। ਇਸ ਖੇਤਰ ਦੇ ਵਪਾਰ ਅਤੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਪਰ ਸਭ ਤੋਂ ਵੱਡੀ ਅਹਿਮੀਅਤ ਇਸ ਖੇਤਰ ਵਿਚ ਪ੍ਰਵਾਸੀ ਪੰਜਾਬੀਆਂ ਦੀ ਹੈ। ਇਸ ਵੇਲੇ 80 ਲੱਖ ਤੋਂ ਵਧੇਰੇ ਪ੍ਰਵਾਸੀ ਭਾਰਤੀ ਇਸ ਖਿੱਤੇ ਨਾਲ ਸੰਬੰਧ ਰੱਖਦੇ ਹਨ। ਯੂਰਪੀਅਨ ਮੁਲਕਾਂ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਮੁਲਕਾਂ ਵਿਚ ਵੱਡੀ ਗਿਣਤੀ ਵਸੇ ਪ੍ਰਵਾਸੀ ਪੰਜਾਬੀ ਹਮੇਸ਼ਾ ਇਹ ਮੰਗ ਕਰਦੇ ਆਏ ਹਨ ਕਿ ਉਨ੍ਹਾਂ ਨੂੰ ਆਪੋ-ਆਪਣੇ ਮੁਲਕਾਂ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਹੋਣ ਤਾਂ ਉਨ੍ਹਾਂ ਲਈ ਪੰਜਾਬ ਆਉਣਾ ਅਤੇ ਇਥੇ ਆ ਕੇ ਪੂੰਜੀ ਨਿਵੇਸ਼ ਕਰ ਸਕਣ ‘ਚ ਬੜੀ ਸੌਖ ਹੋਵੇਗੀ। ਪਰ ਭਾਰਤ ਸਰਕਾਰ ਸਮੇਤ ਪੰਜਾਬ ਵਿਚ ਬਣਦੀਆਂ ਸਰਕਾਰਾਂ ਪ੍ਰਵਾਸੀ ਪੰਜਾਬੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਵਿਚ ਹਮੇਸ਼ਾ ਅਸਫਲ ਹੀ ਰਹੀਆਂ ਹਨ। ਅੱਜ ਤੋਂ ਕਰੀਬ 4 ਦਹਾਕੇ ਪਹਿਲਾਂ ਅੰਮ੍ਰਿਤਸਰ ਵਿਖੇ ਕੌਮਾਂਤਰੀ ਹਵਾਈ ਅੱਡਾ ਬਣਾਏ ਜਾਣ ਦਾ ਕੰਮ ਸ਼ੁਰੂ ਹੋਇਆ ਸੀ। ਪ੍ਰਵਾਸੀ ਪੰਜਾਬੀਆਂ ਨੇ ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਦਾ ਬੜਾ ਜ਼ੋਰਦਾਰ ਸਵਾਗਤ ਕੀਤਾ ਸੀ। ਪਰ ਇੱਥੋਂ ਕੁਝ ਉਡਾਣਾਂ ਹੀ ਸ਼ੁਰੂ ਹੋਈਆਂ ਸਨ, ਪਰ ਥੋੜ੍ਹੇ ਚਿਰ ਬਾਅਦ ਹੀ ਇਹ ਹਵਾਈ ਅੱਡਾ ਪੰਜਾਬ ਦੇ ਵਿਗੜੇ ਹਾਲਾਤ ਦੀ ਭੇਂਟ ਚੜ੍ਹ ਗਿਆ ਅਤੇ ਕਰੀਬ 15 ਸਾਲ ਇੱਥੋਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਹੋਣ ਦਾ ਕੰਮ ਠੱਪ ਹੋ ਕੇ ਰਹਿ ਗਿਆ। ਫਿਰ ਜਦ ਪੰਜਾਬ ਵਿਚ ਹਾਲਾਤ ਸੁਧਰੇ, ਤਾਂ 1997 ਵਿਚ ਅਕਾਲੀ-ਭਾਜਪਾ ਸਰਕਾਰ ਬਣਨ ਬਾਅਦ ਮੁੜ ਇਸ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੇ ਯਤਨ ਆਰੰਭੇ ਗਏ। ਪਰ ਕੁਝ ਇਕ-ਦੁੱਕਾ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਹੋਣ ਦੀ ਬਜਾਏ, ਇਹ ਹਵਾਈ ਅੱਡਾ ਪੂਰੇ ਕੌਮਾਂਤਰੀ ਹਵਾਈ ਅੱਡੇ ਦਾ ਰੁਤਬਾ ਹਾਸਲ ਨਹੀਂ ਕਰ ਸਕਿਆ। ਇਸ ਦਾ ਵੱਡਾ ਕਾਰਨ ਇਹ ਰਿਹਾ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਮਾਨਤਾ ਦੇਣ ਅਤੇ ਇਥੋਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਵਿਚ ਕਦੇ ਵੀ ਕੋਈ ਬਹੁਤੀ ਰੁਚੀ ਅਤੇ ਲਗਨ ਨਹੀਂ ਦਿਖਾਈ। ਉਲਟਾ ਸਗੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੀ ਲਾਬੀ ਅੰਮ੍ਰਿਤਸਰ ਤੋਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਵਿਚ ਅੜਚਨਾਂ ਖੜ੍ਹੀਆਂ ਕਰਨ ਦੇ ਯਤਨਾਂ ‘ਚ ਹੀ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਬਿਨਾਂ ਵਜ੍ਹਾ ਬਹੁਤ ਸਾਰੇ ਨਵੇਂ ਟੈਕਸ ਥੋਪ ਦਿੱਤੇ ਗਏ। ਅੰਮ੍ਰਿਤਸਰ ਹਵਾਈ ਅੱਡੇ ਉਪਰ ਕਾਰਗੋ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਹ ਗੱਲ ਹਰ ਕੋਈ ਭਲੀਭਾਂਤ ਜਾਣਦਾ ਹੈ ਕਿ ਕਾਰਗੋ ਦੇ ਬਗੈਰ ਕੋਈ ਵੀ ਹਵਾਈ ਅੱਡਾ ਕਦੇ ਕਾਮਯਾਬ ਨਹੀਂ ਹੋ ਸਕਦਾ। ਬਾਹਰਲੇ ਵਿਕਸਿਤ ਮੁਲਕਾਂ ਤੋਂ ਆਉਂਦੀਆਂ ਕੌਮਾਂਤਰੀ ਹਵਾਈ ਉਡਾਣਾਂ ਵਿਚ 60 ਤੋਂ 70 ਫੀਸਦੀ ਗਿਣਤੀ ਪ੍ਰਵਾਸੀ ਪੰਜਾਬੀ ਮੁਸਾਫਰਾਂ ਦੀ ਹੁੰਦੀ ਹੈ। ਅਜਿਹੇ ਮੁਸਾਫਰਾਂ ਨੂੰ ਦਿੱਲੀ ਤੋਂ ਪੰਜਾਬ ਜਾਣ ਲਈ 8 ਤੋਂ 10 ਘੰਟੇ ਦਾ ਸਮਾਂ ਬੀਤ ਜਾਂਦਾ ਹੈ। ਅਨੇਕ ਤਰ੍ਹਾਂ ਦੀਆਂ ਹੋਰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੇ ਪਿਛਲੇ ਸਮੇਂ ਵਿਚ ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਪ੍ਰਵਾਸੀ ਪੰਜਾਬੀਆਂ ਦੀ ਲੁੱਟ ਅਤੇ ਉਨ੍ਹਾਂ ਉਪਰ ਹੋਏ ਹਮਲੇ ਕਿਸੇ ਤੋਂ ਭੁੱਲੇ ਨਹੀਂ ਹਨ। ਅਜਿਹੀ ਹਾਲਤ ਵਿਚ ਪ੍ਰਵਾਸੀ ਪੰਜਾਬੀਆਂ ਦੀ ਪਹਿਲੀ ਤਰਜੀਹ ਇਹ ਹੈ ਕਿ ਪੰਜਾਬ ਅੰਦਰ ਹੀ ਅਜਿਹਾ ਕੌਮਾਂਤਰੀ ਹਵਾਈ ਅੱਡਾ ਬਣੇ, ਜਿੱਥੋਂ ਵਿਦੇਸ਼ਾਂ ਲਈ ਸਿੱਧੀਆਂ ਹਵਾਈ ਉਡਾਣਾਂ ਦੇ ਆਉਣ-ਜਾਣ ਦਾ ਪ੍ਰਬੰਧ ਹੋਵੇ। ਮੋਹਾਲੀ ਦਾ ਕੌਮਾਂਤਰੀ ਹਵਾਈ ਅੱਡਾ ਬਣਾਏ ਜਾਣ ਨਾਲ ਇਹ ਆਸ ਬੱਝੀ ਸੀ ਕਿ ਸ਼ਾਇਦ ਪ੍ਰਵਾਸੀ ਪੰਜਾਬੀਆਂ ਦੀ ਇਹ ਆਸ ਪੂਰੀ ਹੋ ਜਾਵੇ। 2008 ਵਿਚ ਮੋਹਾਲੀ ਦਾ ਕੌਮਾਂਤਰੀ ਹਵਾਈ ਅੱਡਾ ਬਣਨਾ ਆਰੰਭ ਹੋਇਆ ਸੀ ਅਤੇ ਪਿਛਲੇ ਸਾਲ ਸਤੰਬਰ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ। ਹਵਾਈ ਅੱਡੇ ਦਾ ਉਦਘਾਟਨ ਤਾਂ ਹੋ ਗਿਆ, ਪਰ ਇੱਥੋਂ ਕੌਮਾਂਤਰੀ ਹਵਾਈ ਉਡਾਣਾਂ ਫਿਰ ਵੀ ਸ਼ੁਰੂ ਨਹੀਂ ਹੋਈਆਂ। ਆਖਿਰ ਬਹੁਤ ਸਾਰੇ ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਉੱਚ ਅਦਾਲਤ ਨੇ ਸਰਕਾਰ ਨੂੰ ਝਾੜ ਪਾਈ ਕਿ ਜੇਕਰ ਕੌਮਾਂਤਰੀ ਹਵਾਈ ਉਡਾਣਾਂ ਨਹੀਂ ਚਲਾਉਣੀਆਂ, ਤਾਂ ਫਿਰ ਇਸ ਹਵਾਈ ਅੱਡੇ ‘ਤੇ ਅਰਬਾਂ ਰੁਪਏ ਲਗਾਉਣ ਦੀ ਕੀ ਤੁੱਕ ਸੀ। ਹੁਣ ਜਾ ਕੇ ਪੂਰੇ ਇਕ ਸਾਲ ਬਾਅਦ ਇੱਥੋਂ ਹਵਾਈ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਪਰ ਇਹ ਗੱਲ ਵੀ ‘ਪੁੱਟਿਆ ਪਹਾੜ ਤੇ ਨਿਕਲਿਆ ਚੂਹਾ’ ਵਾਲੀ ਹੀ ਹੋਈ। ਸਰਕਾਰ ਵੱਲੋਂ ਇਸ ਹਵਾਈ ਅੱਡੇ ਤੋਂ ਸਿਰਫ ਸ਼ਾਰਜਾਹ ਲਈ ਹੀ ਹਵਾਈ ਉਡਾਣ ਆਰੰਭ ਕੀਤੀ ਗਈ ਹੈ। ਹੋਰ ਕਿਸੇ ਵੀ ਮੁਲਕ ਲਈ ਇਥੋਂ ਹਾਲ ਦੀ ਘੜੀ ਕੌਮਾਂਤਰੀ ਹਵਾਈ ਉਡਾਣ ਸ਼ੁਰੂ ਕੀਤੇ ਜਾਣ ਦੀ ਤਜਵੀਜ਼ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਨੀਤ ਪੂਰੀ ਤਰ੍ਹਾਂ ਸਾਫ ਨਹੀਂ ਹੈ। ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਨੂੰ ਵੱਡੀ ਰਾਹਤ ਦੇਣ ਦੇ ਦਾਅਵੇ ਕੀਤੇ ਅਤੇ ਕਿਹਾ ਗਿਆ ਕਿ ਹੁਣ ਚੰਡੀਗੜ੍ਹ ਤੋਂ ਹੀ ਵੱਖ-ਵੱਖ ਮੁਲਕਾਂ ਲਈ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਲੱਗਦਾ ਹੈ ਕਿ ਇਹ ਸ਼ੋਰ-ਸ਼ਰਾਬਾ ਪੰਜਾਬ ਵਿਚ 4 ਮਹੀਨੇ ਬਾਅਦ ਹੋਣ ਜਾ ਰਹੀਆਂ ਚੋਣਾਂ ਵਿਚ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਲਈ ਹੀ ਮਚਾਇਆ ਗਿਆ ਸੀ। ਪ੍ਰਵਾਸੀ ਪੰਜਾਬੀ ਵੱਡੀ ਗਿਣਤੀ ਵਿਚ ਹਰ ਸਾਲ ਪੰਜਾਬ ਆਉਂਦੇ-ਜਾਂਦੇ ਹਨ। ਬਹੁਤ ਸਾਰੇ ਅਜਿਹੇ ਵੀ ਪ੍ਰਵਾਸੀ ਪੰਜਾਬੀ ਹਨ, ਜਿਹੜੇ ਸਾਲ ਵਿਚ ਪੰਜਾਬ ਕਈ ਚੱਕਰ ਲਗਾਉਂਦੇ ਹਨ। ਪਰ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਆਉਣ ‘ਚ ਖੜ੍ਹੀਆਂ ਹੁੰਦੀਆਂ ਅੜਚਨਾਂ ਅਤੇ ਸੁਰੱਖਿਆ ਦੇ ਖਤਰੇ ਕਾਰਨ ਬੜੀ ਵੱਡੀ ਮੁਸ਼ਕਿਲ ਵਿਚੋਂ ਲੰਘਣਾ ਪੈਂਦਾ ਹੈ। ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਦਾ ਦੱਸਣਾ ਹੈ ਕਿ ਕਈ ਵਾਰੀ ਉਹ ਵਿਆਹ-ਸ਼ਾਦੀਆਂ ਉਪਰ ਆਪਣੇ ਪਰਿਵਾਰਾਂ ਸਮੇਤ ਪੰਜਾਬ ਜਾਣਾ ਚਾਹੁੰਦੇ ਹਨ, ਪਰ ਜਦ ਉਨ੍ਹਾਂ ਨੂੰ ਹਰਿਆਣਾ ਵਿਚ ਵਾਪਰੀਆਂ ਘਟਨਾਵਾਂ ਦਾ ਚੇਤਾ ਆਉਂਦਾ ਹੈ, ਤਾਂ ਉਹ ਆਪਣੇ ਪਰਿਵਾਰਾਂ ਨੂੰ ਪੰਜਾਬ ਲਿਜਾਣ ਤੋਂ ਸੰਕੋਚ ਵਰਤ ਜਾਂਦੇ ਹਨ। ਪੰਜਾਬ ਲਈ ਜਦ ਤੱਕ ਆਉਣ-ਜਾਣ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਹੁੰਦੀਆਂ, ਤਦ ਤੱਕ ਪ੍ਰਵਾਸੀ ਪੰਜਾਬੀਆਂ ਨੂੰ ਇਨ੍ਹਾਂ ਦਾ ਕੋਈ ਲਾਭ ਨਹੀਂ ਹੈ, ਸਗੋਂ ਉਲਟਾ ਸਿੱਧੀਆਂ ਕੌਮਾਂਤਰੀ ਉਡਾਣਾਂ ਆਰੰਭ ਨਾ ਹੋਣ ਕਾਰਨ ਪ੍ਰਵਾਸੀ ਪੰਜਾਬੀ ਮੁਸਾਫਰਾਂ ਦੀ ਗਿਣਤੀ ਘੱਟ ਰਹੀ ਹੈ, ਜਿਸ ਕਾਰਨ ਪੰਜਾਬ ਨੂੰ ਵੱਡਾ ਆਰਥਿਕ ਘਾਟਾ ਵੀ ਪੈ ਰਿਹਾ ਹੈ। ਸੋ ਸਾਡਾ ਵਿਚਾਰ ਹੈ ਕਿ ਪੰਜਾਬ ਸਰਕਾਰ ਨੂੰ ਰਾਜਸੀ ਹਿੱਤਾਂ ਤੋਂ ਉਪਰ ਉੱਠ ਕੇ ਪੰਜਾਬ ਦੇ ਹਿੱਤਾਂ ਦੇ ਭਲੇ ਲਈ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਆਉਣ-ਜਾਣ ਦੀ ਸੁਰੱਖਿਅਤ ਅਤੇ ਆਸਾਨ ਖੁੱਲ੍ਹ ਦੇਣ ਲਈ ਤੁਰੰਤ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਆਰੰਭ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਇਸ ਨਾਲ ਪੰਜਾਬ ਨੂੰ ਵੱਡਾ ਆਰਥਿਕ ਘਾਟਾ ਹੀ ਨਹੀਂ ਸਹਿਣਾ ਪਵੇਗਾ, ਸਗੋਂ ਪ੍ਰਵਾਸੀ ਪੰਜਾਬੀਆਂ ਦੀ ਆਮਦ ਘਟਣ ਨਾਲ ਕੌਮਾਂਤਰੀ ਪੱਧਰ ‘ਤੇ ਪੰਜਾਬੀਆਂ ‘ਚ ਆਪਸੀ ਤਾਲਮੇਲ ਤੇ ਸਹਿਚਾਰ ਕਾਇਮ ਰੱਖਣ ਅਤੇ ਵੱਧਣ-ਫੁੱਲਣ ‘ਚ ਵੀ ਰੁਕਾਵਟ ਬਣੇਗੀ। ਭਾਰਤ ਦੀ ਕੇਂਦਰ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਦਿੱਲੀ ਹਵਾਈ ਅੱਡੇ ਨੂੰ ਹੀ ਸੁਰੱਖਿਅਤ ਰੱਖਣ ਦੀ ਸੌੜੀ ਸੋਚ ਤੋਂ ਬਾਹਰ ਨਿਕਲੇ ਅਤੇ ਪੰਜਾਬ ਦੀ ਹਾਲਤ ਵੱਲ ਧਿਆਨ ਦੇਵੇ। ਜੇਕਰ ਦਿੱਲੀ ਹਵਾਈ ਅੱਡਾ ਲਾਬੀ ਦੇ ਹਿੱਤਾਂ ਨੂੰ ਹੀ ਧਿਆਨ ਵਿਚ ਰੱਖਿਆ ਜਾਂਦਾ ਹੈ, ਤਾਂ ਇਸ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਪੁੱਜਦਾ ਹੈ। ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਅਤੇ ਇਸ ਖਿੱਤੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੀ ਮਜ਼ਬੂਤੀ ਅਤੇ ਪਸਾਰੇ ਲਈ ਇੱਥੋਂ ਤੁਰੰਤ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਦਾ ਪ੍ਰਬੰਧ ਕਰੇ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article