ਮੋਬਾਇਲ ‘ਚ ਨੈੱਟ ਖ਼ਤਮ ਕਰਨ ‘ਤੇ ਵੱਡੇ ਭਰਾ ਵੱਲੋਂ ਛੋਟੇ ਭਰਾ ਦਾ ਚਾਕੂ ਮਾਰ ਕੇ ਕਤਲ

223
Share

ਜੋਧਪੁਰ (ਰਾਜਸਥਾਨ), 20 ਨਵੰਬਰ (ਪੰਜਾਬ ਮੇਲ)- ਰਾਜਸਥਾਨ ਦੇ ਜੋਧਪੁਰ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 12 ਸਾਲ ਦੇ ਇੱਕ ਬੱਚੇ ਨੇ ਆਪਣੇ ਵੱਡੇ ਭਰਾ ਦੇ ਮੋਬਾਇਲ ਦਾ ਨੈੱਟ ਖ਼ਤਮ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਮਗਰੋਂ ਉਹ ਘਰੋਂ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਨੇ ਬਾਅਦ ‘ਚ ਉਸ ਨੂੰ ਦਬੋਚ ਲਿਆ।
ਕਾਰਜਕਾਰੀ ਥਾਣਾ ਇੰਚਾਰਜ ਬੁਧਾਰਾਮ ਨੇ ਦੱਸਿਆ ਕਿ ਪਾਵਨਾ ਬੀ ਰੋਡ ਸਥਿਤ ਵੀਰ ਦੁਰਗਾਦਾਸ ਕਾਲੋਨੀ ਵਿੱਚ ਕੈਲਾਸ਼ਦਾਨ ਆਪਣੀ ਪਤਨੀ ਤੇ 5 ਬੱਚਿਆਂ ਨਾਲ ਕਿਰਾਏ ‘ਤੇ ਰਹਿੰਦਾ ਹੈ। ਪੰਜ ਭੈਣ-ਭਰਾਵਾਂ ‘ਚੋਂ ਰਾਏ ਸਭ ਤੋਂ ਛੋਟਾ ਸੀ। ਬੀਤੇ ਦਿਨ ਰਾਏ ਨੇ ਮੋਬਾਇਲ ਦਾ ਨੈਟ ਖ਼ਤਮ ਕਰ ਦਿੱਤਾ। ਇਸ ‘ਤੇ ਗੁੱਸੇ ‘ਚ ਆਏ ਉਸ ਦੇ ਵੱਡੇ ਭਰਾ ਰਮਨ ਨੇ ਘਰ ਦੀ ਛੱਤ ‘ਤੇ ਲਿਜਾ ਕੇ ਚਾਕੂ ਨਾਲ ਰਾਏ ‘ਤੇ ਚਾਰ ਵਾਰ ਕੀਤੇ। ਉਸ ਨੂੰ ਗੰਭੀਰ ਜ਼ਖਮੀ ਹਾਲਤ ‘ਚ ਦੇਖ ਕੇ ਉਸ ਦੀ ਮਾਂ ਅਤੇ ਭੈਣਾਂ ਕੰਬ ਗਈਆਂ। ਇਸ ‘ਤੇ ਰਾਏ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਰਮਨ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਉਹ ਟੈਨਿਸ ਦੀ ਕੋਚਿੰਗ ਦੇ ਕੇ ਘਰ ਚਲਾਉਂਦਾ ਸੀ। ਰਾਏ ਨੂੰ ਚਾਕੂ ਮਾਰਨ ਬਾਅਦ ਰਮਨ ਘਰੋਂ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੁਰੰਤ ਹਰਕਤ ‘ਚ ਆਈ ਅਤੇ ਰਮਨ ਦੀ ਭਾਲ ਕੀਤੀ। ਉਹ ਰੇਲਵੇ ਸਟੇਸ਼ਨ ‘ਤੇ ਘੁੰਮਦਾ ਹੋਇਆ ਮਿਲਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਰਾਏ ਦੀ ਲਾਸ਼ ਪੋਸਟਮਾਰਟਮ ਕਰਾਰ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉੱਧਰ ਪੁਲਿਸ ਦੇ ਮੁਤਾਬਕ ਮੁਲਜ਼ਮ ਰਮਨ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਅਤੇ ਉਸ ਦੇ ਪਿਤਾ ਕੈਲਾਸ਼ਦਾਨ ਦੀ ਵੀ ਮਾਨਸਿਕ ਹਾਲਤ ਠੀਕ ਨਹੀਂ ਹੈ।


Share