ਮੋਡਰਨਾ ਦਾ ਕੋਰੋਨਾਵਾਇਰਸ ਟੀਕਾ ਵੀ ਹੈ ਪ੍ਰਭਾਵਸ਼ਾਲੀ: ਐੱਫ.ਡੀ.ਏ.

87
Share

ਫਰਿਜ਼ਨੋ, 16 ਦਸੰਬਰ (ਮਾਛੀਕੇ/ ਧਾਲੀਆਂ/ ਪੰਜਾਬ ਮੇਲ)- ਕੋਰੋਨਾਵਾਇਰਸ ਟੀਕੇ ਦੇ ਮਾਮਲੇ ਵਿਚ ਕਈ ਕੰਪਨੀਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਟੀਕੇ ਨੂੰ ਬਨਾਉਣ ‘ਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਸਭ ਤੋਂਂ ਪਹਿਲਾਂ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲਣ ਉਪਰੰਤ ਵਰਤੋਂ ਵਿਚ ਲਿਆਂਦਾ ਗਿਆ ਹੈ ਅਤੇ ਇੱਕ ਹੋਰ ਕੰਪਨੀ ਮੋਡਰਨਾ ਦਾ ਕੋਰੋਨਾਵਾਇਰਸ ਟੀਕਾ ਮਨਜ਼ੂਰੀ ਮਿਲਣ ਦੇ ਨੇੜ ਪਹੁੰਚਿਆ ਹੈ। ਇਸ ਸੰਬੰਧੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਮੋਡਰਨਾ ਦਾ ਕੋਵਿਡ-19 ਟੀਕਾ ਬਿਮਾਰੀ ਦੀ ਰੋਕਥਾਮ ਲਈ 94 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੋਣ ਦੇ ਨਾਲ, ਵਿਸ਼ਾਣੂ ਨੂੰ ਵੀ ਰੋਕ ਸਕਦਾ ਹੈ। ਇਸ ਟੀਕੇ ਸੰਬੰਧੀ ਖੋਜਾਂ ਦੇ ਮੱਦੇਨਜ਼ਰ ਇਸ ਹਫ਼ਤੇ ਦੇ ਅੰਤ ਤੱਕ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਇਸਦੀ ਐਮਰਜੈਂਸੀ ਵਰਤੋਂ ਦੇ ਅਧਿਕਾਰਾਂ ਲਈ ਮੋਹਰ ਲਗਾਈ ਜਾ ਸਕਦੀ ਹੈ, ਜਿਸਦਾ ਮਤਲਬ ਕਿ ਅਮਰੀਕਾ ਨੂੰ ਜਲਦੀ ਹੀ ਦੂਜੀ ਕੰਪਨੀ ਦੇ ਪ੍ਰਭਾਵਸ਼ਾਲੀ ਕੋਵਿਡ-19 ਟੀਕੇ ਲੱਗ ਸਕਦੇ ਹਨ। ਮੋਡਰਨਾ ਟੀਕੇ ਦੀ ਉੱਚ ਕੁਸ਼ਲਤਾ ਮਾਹਿਰਾਂ ਦੁਆਰਾ 28 ਦਿਨਾਂ ਦੇ ਫਰਕ ਨਾਲ ਦਿੱਤੀਆਂ ਦੋ ਖੁਰਾਕਾਂ ਤੋਂ ਬਾਅਦ ਨੋਟ ਕੀਤੀ ਗਈ ਸੀ ਅਤੇ ਇਸਦੀ ਪ੍ਰਭਾਵਸ਼ੀਲਤਾ ਵੀ ਫਾਈਜ਼ਰ ਅਤੇ ਬਾਇਓਨਟੈਕ ਟੀਕੇ ਦੇ ਪੱਧਰ ਦੀ ਹੈ। ਜਦਕਿ ਸਬੂਤਾਂ ਅਨੁਸਾਰ ਮੋਡਰਨਾ ਟੀਕੇ ਦੀ ਸਿਰਫ ਇੱਕ ਖੁਰਾਕ ਵਾਇਰਸ ਦੇ ਫੈਲਣ ਨੂੰ ਰੋਕ ਸਕਦੀ ਹੈ, ਪਰ ਫਿਰ ਵੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਰੈਗੂਲੇਟਰਾਂ ਨੂੰ ਵੱਧ ਸੁਰੱਖਿਆ ਲਈ ਟੀਕੇ ਦੀਆਂ ਦੋ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੋਡਰਨਾ ਟੀਕੇ ਦਾ ਪ੍ਰਵਾਨਗੀ ਦਾ ਰਸਤਾ ਵੀ ਫਾਈਜ਼ਰ ਦੇ ਸਮਾਨ ਹੋਵੇਗਾ ਅਤੇ ਇਸਦਾ ਅਧਿਕਾਰ ਸ਼ੁੱਕਰਵਾਰ ਤੱਕ ਮਿਲ ਸਕਦਾ ਹੈ। ਜਦਕਿ ਆਪ੍ਰੇਸ਼ਨ ਰੈਪ ਸਪੀਡ ਅਧਿਕਾਰੀ ਪਹਿਲਾਂ ਹੀ ਮੋਡਰਨਾ ਟੀਕੇ ਦੀ ਵਿਆਪਕ ਵੰਡ ਲਈ ਯੋਜਨਾ ਬਣਾ ਰਹੇ ਹਨ। ਇਸ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ, ਆਰਮੀ ਜਨਰਲ ਗੁਸਤਾਵੇ ਪਰਨਾ ਅਨੁਸਾਰ ਜੇ ਐੱਫ.ਡੀ.ਏ. ਦੁਆਰਾ ਮੋਡਰਨਾ ਟੀਕੇ ਨੂੰ ਪ੍ਰਵਾਨਗੀ ਮਿਲਦੀ ਹੈ, ਤਾਂ ਲਗਭਗ 6 ਮਿਲੀਅਨ ਖੁਰਾਕਾਂ ਨੂੰ ਦੇਸ਼ ਭਰ ਵਿਚ 3,285 ਸਥਾਨਾਂ ‘ਤੇ ਭੇਜਿਆ ਜਾਵੇਗਾ।


Share