ਮੋਗਾ ਜ਼ਿਲ੍ਹੇ ‘ਚ ਹਥਿਆਰਬੰਦ ਲੁਟੇਰਿਆਂ ਦੇ ਖਤਰਨਾਕ ਗਿਰੋਹ ਦਾ ਪਰਦਾਫਾਸ਼, 6 ਦੋਸ਼ੀ ਗ੍ਰਿਫਤਾਰ

75
Share

ਮੋਗਾ, 29 ਸਤੰਬਰ (ਪੰਜਾਬ ਮੇਲ)-ਪੰਜਾਬ ਪੁਲਿਸ ਨੇ ਮੋਗਾ ‘ਚ ਹਥਿਆਰਬੰਦ ਲੁਟੇਰਿਆਂ ਦੇ ਇੱਕ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਮੋਗਾ ਕਸਬੇ ‘ਚ ਹਥਿਆਰਬੰਦ ਲੁੱਟਾਂ-ਖੋਹਾਂ ਅਤੇ ਕਾਰ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀਆਂ ਯੋਜਨਾਵਾਂ ਬਣਾ ਰਹੇ ਸਨ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਗਿਰੋਹ ਦੇ ਮੈਂਬਰਾਂ ਕੋਲੋਂ ਚੋਰੀ ਕੀਤੀ ਕਾਰ ਅਤੇ ਮੋਟਰਸਾਈਕਲ ਤੋਂ ਇਲਾਵਾ 2 ਦੇਸੀ ਪਿਸਤੌਲ 315 ਬੋਰ ਅਤੇ 32 ਬੋਰ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਗਿਰੋਹ ਨੇ ਪਿਛਲੇ ਸਮੇਂ ਦੌਰਾਨ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਵੱਡੀ ਗਿਣਤੀ ਹਥਿਆਰਬੰਦ ਲੁੱਟਾਂ ਅਤੇ ਡਕੈਤੀਆਂ ਕੀਤੀਆਂ ਸਨ। ਜਾਂਚ ਜਾਰੀ ਸੀ ਅਤੇ ਪੁਲਿਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਯਤਨ ਕਰ ਰਹੀ ਸੀ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਇਸ ਗਿਰੋਹ ਦੇ ਗ੍ਰਿਫਤਾਰ ਕੀਤੇ 6 ਮੁਲਜ਼ਮਾਂ ‘ਚ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਦਾਤਾ, ਗੁਰਜੀਵਨ ਸਿੰਘ ਉਰਫ ਜੁਗਨੂੰ ਵਾਸੀ ਪਿੰਡ ਸਿੰਘਾਂਵਾਲਾ, ਧਰਮਕੋਟ ਦਾ ਅਕਾਸ਼ਦੀਪ ਸਿੰਘ ਉਰਫ ਮਨੀ, ਸਲੀਮ ਖਾਨ ਉਰਫ਼ ਸਿੰਮੂ, ਕ੍ਰਿਸ਼ਨ ਬਾਂਸਲ ਉਰਫ਼ ਗਗਨਾ ਅਤੇ ਮਨਵੀਰ ਸਿੰਘ ਉਰਫ਼ ਮਨੀ (ਸਾਰੇ ਵਾਸੀ ਮੌੜ ਮੰਡੀ) ਸ਼ਾਮਲ ਹਨ। ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 399, 402 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐੱਫ.ਆਈ.ਆਰ. ਨੰ. 160 ਪੁਲਿਸ ਥਾਣਾ ਮੋਗਾ ਵਿਖੇ ਦਰਜ ਕੀਤੀ ਗਈ ਹੈ।
ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਰਿਟਜ਼ ਕਾਰ (ਪੀ.ਬੀ.-10-ਈ.ਏ.-4789) ਜੋ ਉਨ੍ਹਾਂ ਨੇ ਕੁਲਵੰਤ ਸਿੰਘ ਨਾਮੀ ਵਿਅਕਤੀ ਕੋਲੋਂ ਪੁਲਿਸ ਥਾਣਾ ਦਾਖਾ ਅਧੀਨ ਪੈਂਦੇ ਇਲਾਕੇ ਵਿਚੋਂ ਖੋਹੀ ਸੀ ਅਤੇ ਇਸਦੇ ਨਾਲ ਹੀ ਬਿਨਾਂ ਨੰਬਰ ਪਲੇਟ ਦੇ ਚੋਰੀ ਦਾ ਬਜਾਜ ਪਲਸਰ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਗਿਰੋਹ ਦੇ ਮੈਂਬਰਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਪੁਰਾਣੀ ਅਨਾਜ ਮੰਡੀ, ਮੋਗਾ ਦੇ ਖੇਤਰ ਵਿਚ ਇੱਕ ਹਥਿਆਰਬੰਦ ਲੁੱਟ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਕ ਚੌਲ ਵਪਾਰੀ ਦੇ ਏਜੰਟ ਰਾਜੇਸ਼ ਕੁਮਾਰ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪੀੜਤ ਵਿਅਕਤੀ ਦੇ ਪੇਟ ਵਿਚ ਗੋਲੀ ਲੱਗੀ ਸੀ। ਇਸ ਤੋਂ ਬਾਅਦ, ਪੁਲਿਸ ਨੇ ਪਿੰਡ ਸਮਾਲਸਰ ਦੇ ਇਲਾਕੇ ਤੋਂ ਇੱਕ ਲਾਵਾਰਿਸ ਨੁਕਸਾਨੀ ਚਿੱਟੇ ਰੰਗ ਦੀ ਸਕਾਰਪੀਓ (ਰਜਿਸਟ੍ਰੇਸ਼ਨ ਨੰਬਰ ਪੀ.ਬੀ. -10 ਐੱਨ-2859) ਵੀ ਬਰਾਮਦ ਕੀਤੀ। ਵਾਹਨ ਦੀ ਤਲਾਸ਼ੀ ਲੈਣ ‘ਤੇ ਕਾਰ ਦੇ ਅੰਦਰੋਂ ਇਕ ਦੇਸੀ 315 ਬੋਰ ਦੀ ਪਿਸਤੌਲ ਬਰਾਮਦ ਹੋਈ ਸੀ। ਇਹ ਵਾਹਨ ਇਸ ਗਿਰੋਹ ਦੇ ਮੈਂਬਰ ਪਿੰਡ ਮਹਿਣਾ ਦੇ ਸਵਰਨਜੀਤ ਸਿੰਘ ਦਾ ਸੀ। ਉਸ ਦਿਨ, ਗਿਰੋਹ ਦੇ ਮੈਂਬਰ ਵਾਹਨ ਦੇ ਅੰਦਰ ਨਸ਼ਾ ਕਰ ਰਹੇ ਸਨ, ਜਿਸ ਦੌਰਾਨ ਵਾਹਨ ਦਾ ਕੰਟਰੋਲ ਗੁਆਉਣ ਤੋਂ ਬਾਅਦ ਇਹ ਹਾਦਸਾਗ੍ਰਸਤ ਹੋ ਗਈ। ਸਥਾਨਕ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋਏ ਅਤੇ ਗਿਰੋਹ ਦੇ ਮੈਂਬਰ ਡਰ ਕਾਰਨ ਆਪਣਾ ਵਾਹਨ ਛੱਡ ਕੇ ਉੱਥੋਂ ਭੱਜ ਗਏ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਗਿਰੋਹ ਦਾ ਇੱਕ ਮੈਂਬਰ ਸੁਖਦੂਲ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਦੁੰਨੇਕੇ, ਮੋਗਾ ਜੋ ਇੱਕ ਖ਼ਤਰਨਾਕ ਅਤੇ ਭਗੌੜਾ ਅਪਰਾਧੀ ਹੈ, ਇਸ ਵੇਲੇ ਕਨੇਡਾ ਵਿਚ ਵਸਿਆ ਹੋਇਆ ਹੈ, ਜਿਸਨੇ ਸਤਨਾਮ ਸਿੰਘ ਵਾਸੀ ਲੰਡੇ, ਪੁਲਿਸ ਥਾਣਾ ਸਮਾਲਸਰ ਕੋਲੋਂ 25 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਹਾਲਾਂਕਿ, ਸਤਨਾਮ ਸਿੰਘ ਨੇ ਉਨ੍ਹਾਂ ਦੀ ਕੋਈ ਮੰਗ ਨਹੀਂ ਮੰਨੀ। ਇਸ ਲਈ, ਗਿਰੋਹ ਦੇ ਮੈਂਬਰਾਂ ਨੇ ਉਸ ਨੂੰ ਡਰਾਉਣ ਲਈ ਉਸਦੀ ਸਵਿਫਟ ਡਿਜ਼ਾਇਰ ਕਾਰ (ਰਜਿਸਟ੍ਰੇਸ਼ਨ ਨੰਬਰ ਪੀ.ਬੀ. 29-ਐਕਸ-8811) ‘ਤੇ ਗੋਲੀਆਂ ਚਲਾਈਆਂ ਸਨ।


Share