ਮੋਗਾ ‘ਚ ਕਿਸਾਨਾਂ ਵੱਲੋਂ ਅਸ਼ਵਨੀ ਸ਼ਰਮਾ, ਕਾਲੀਆ, ਤੀਕਸ਼ਣ ਸੂਦ ਤੇ ਸ਼ਵੇਤ ਮਲਿਕ ਦਾ ਘਿਰਾਓ

80
Share

ਮੋਗਾ, 3 ਜਨਵਰੀ (ਪੰਜਾਬ ਮੇਲ)- ਅੱਜ ਇਥੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇਥੇ ਆਏ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਤੇ ਸ਼ਵੇਤ ਮਲਿਕ ਨੂੰ ਕਿਸਾਨਾਂ ਨੇ ਘੇਰ ਲਿਆ। ਇਸ ਮੌਕੇ ਭਾਰੀ ਮੀਂਹ ਦੌਰਾਨ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਕੁੱਝ ਕਿਸਾਨ ਹਿਰਾਸਤ ਵਿੱਚ ਲੈ ਲਏ। ਪ੍ਰਾਪਤ ਜਾਣਕਾਰੀ ਮੁਤਾਬਕ ਇਥੇ ਮੋਗਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਅੱਗੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ। ਇਹ ਨੇਤਾ ਤੇ ਭਾਜਪਾ ਦੇ ਹੋਰ ਸਥਾਨਕ ਨੇਤਾ ਵੀ ਸ੍ਰੀ ਸ਼ਰਮਾ ਦੇ ਘਰ ਪੁੱਜੇ। ਇਸ ਦਾ ਪਤਾ ਲੱਗਦੇ ਸਾਰ ਵੱਡੀ ਗਿਣਤੀ ਵਿੱਚ ਕਿਸਾਨ ਇਕੱਤਰ ਹੋ ਗਏ। ਉਨ੍ਹਾਂ ਘਰ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਬਰਾਬਰ ਹੀ ਭਾਜਪਾ ਵਰਕਰਾਂ ਨੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਾਲਾਤ ਤਣਾਅਪੂਰਨ ਹੋ ਗਏ ਤਾਂ ਪੁਲੀਸ ਇਨ੍ਹਾਂ ਨੇਤਾਵਾਂ ਨੂੰ ਸੁਰੱਖਿਆ ਦੇ ਕੇ ਉਥੋਂ ਕੱਢ ਕੇ ਲੈ ਗਈ। ਇਸ ਤੋਂ ਬਾਅਦ ਇਹ ਆਗੂ ਇਕ ਹੋਟਲ ਵਿੱਚ ਮੀਟਿੰਗ ਕਰਨ ਲੱਗੇ ਤਾਂ ਕਿਸਾਨ ਉਥੇ ਵੀ ਪੁੱਜ ਗਏ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ। ਹਾਲਾਤ ਨੂੰ ਕਾਬੂ ਕਰਨ ਲਈ ਆਈ ਜੀ ਫਰੀਦਕੋਟ ਰੇਂਜ ਕੌਸਤੁਭ ਸ਼ਰਮਾ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਹੋਰ ਜ਼ਿਲ੍ਹਿਆਂ ਤੋਂ ਪੁਲੀਸ ਮੰਗਵਾਈ।


Share