ਮੈਰਿਜ ਪੈਲੇਸ ‘ਚ ਡਾਂਸਰ ਦੀ ਮੌਤ ਦਾ ਮਾਮਲਾ; ਪੰਜਾਬ ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼

ਬਠਿੰਡਾ, 17 ਜੂਨ (ਪੰਜਾਬ ਮੇਲ)- ਦਸੰਬਰ 2016 ‘ਚ ਮੌੜ ਮੰਡੀ ਦੇ ਇਕ ਮੈਰਿਜ ਪੈਲੇਸ ‘ਚ ਇਕ ਵਿਅਕਤੀ ਵੱਲੋਂ ਚਲਾਈ ਗਈ ਗੋਲੀ ਕਾਰਨ ਆਰਕੈਸਟ੍ਰਾ ਡਾਂਸਰ ਕੁਲਵਿੰਦਰ ਕੌਰ ਉਰਫ ਜਾਨੂੰ ਦੀ ਮੌਤ ਦੇ ਮਾਮਲੇ ‘ਚ ਪੰਜਾਬ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ। ਸਰਕਾਰ ਨੇ ਐਡੀਸ਼ਨਲ ਮੁੱਖ ਸਕੱਤਰ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਪੰਜਾਬ ਨੂੰ ਹਿਊਮਨ ਹਾਈਟਸ ਕਮੇਟੀ ਵੱਲੋਂ ਇਸ ਮਾਮਲੇ ‘ਚ ਮੁੱਖ ਮੰਤਰੀ ਵੇਦ ਪ੍ਰਕਾਸ਼ ਨੂੰ ਇਕ ਸ਼ਿਕਾਇਤ ਭੇਜੀ ਗਈ ਸੀ। ਸ਼ਿਕਾਇਤ ‘ਚ ਕਮੇਟੀ ਦੇ ਜਨਰਲ ਸਕੱਤਰ ਵੇਦ ਪ੍ਰਕਾਸ਼ ਗੁਪਤਾ ਨੇ ਦੱਸਿਆ ਸੀ ਕਿ ਉਕਤ ਲੜਕੀ ਨੂੰ ਸ਼ਰੇਆਮ ਸਟੇਜ ‘ਤੇ ਗੋਲੀ ਮਾਰ ਦਿੱਤੀ ਗਈ ਸੀ ਪਰ ਪੁਲਸ ਨੇ ਇਸ ਸੰਬੰਧ ‘ਚ ਬਣਦੀ ਕਾਰਵਾਈ ਨਹੀਂ ਕੀਤੀ। ਮ੍ਰਿਤਕਾ ਦੀ ਲਾਸ਼ ਨੂੰ ਘੜੀਸਦੇ ਹੋਏ ਸਟੇਜ ਤੋਂ ਹੇਠਾਂ ਉਤਾਰਿਆ ਗਿਆ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਗੁਪਤਾ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ ‘ਚ ਪੁਲਸ ਨੇ ਇਸ ਮਾਮਲੇ ‘ਚ ਉਸ ਸਮੇਂ ‘ਤੇ ਚਲਾਨ ਵੀ ਪੇਸ਼ ਨਹੀਂ ਕੀਤਾ ਤਾਂਕਿ ਮਾਮਲੇ ‘ਚ ਨਾਮਜ਼ਦ ਵਿਅਕਤੀ ਨੂੰ ਜ਼ਮਾਨਤ ਕਰਵਾਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਮੰਗ ਕੀਤੀ ਸੀ ਕਿ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਨੂੰ ਬਚਾਉਣ ਵਾਲੇ ਪੁਲਸ ਮੁਲਾਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂਕਿ ਮ੍ਰਿਤਕਾ ਨੂੰ ਇਨਸਾਫ ਮਿਲ ਸਕੇ। ਇਸ ਮਾਮਲੇ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲੈਂਦੇ ਹੋਏ ਗ੍ਰਹਿ ਮਾਮਲੇ, ਇਨਸਾਫ ਅਤੇ ਜੇਲ ਵਿਭਾਗ ਦੇ ਐਡੀਸ਼ਨਲ ਸਕੱਤਰ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ।