ਸੇਫਰ ਕਮਿਊਨਿਟੀਜ਼: ਸਹਿਯੋਗ ਪੁਲਿਸ ਅਤੇ ਭਾਈਚਾਰੇ ਦਾ
ਔਕਲੈਂਡ, 24 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਪੁਲਿਸ ਦਾ ਆਦਰਸ਼ਿਕ ਵਾਕ ‘ਸੇਫਰ ਕਮਿਊਨਿਟੀਜ਼ ਟੂਗੈਦਰ’ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੁਲਿਸ ਸਥਾਨਿਕ ਭਾਈਚਾਰੇ ਨਾਲ ਰਲ ਕੇ ਚੱਲਣਾ ਚਾਹੁੰਦੀ ਹੈ। ਇਸ ਦੇ ਲਈ ਪੁਲਿਸ ਦੇ ਪ੍ਰਮੁੱਖ ਸਟੇਸ਼ਨਾਂ ਅੰਦਰ ਏਥਨਿਕ ਲੀਏਜ਼ਨ ਕੋਆਰਡੀਨੇਟਰ ਨਿਯੁਕਤ ਹੁੰਦੇ ਹਨ। ਮੈਨੁਕਾਓ ਪੁਲਿਸ ਹੱਬ ਦੇ ਅਧੀਨ ਭਾਰਤੀਆਂ ਅਤੇ ਸਾਊਥ ਏਸ਼ੀਅਨ ਮੁਲਕਾਂ ਦੀ ਬਹੁਤ ਸਾਰੀ ਆਬਾਦੀ ਆਉਂਦੀ ਹੈ ਜਿਸ ਕਰਕੇ ਇਥੇ ਜ਼ਿਲ੍ਹਾ ਏਥਨਿਕ ਲੀਏਜ਼ਨ ਕੋਆਰਡੀਨੇਟਰ ਨਿਯੁਕਤ ਹੁੰਦਾ ਹੈ ਅਤੇ ਉਸਦੀ ਟੀਮ ਹੁੰਦੀ ਹੈ। ਮੈਨੁਕਾਓ ਪੁਲਿਸ ਦੇ ਵਿਚ ਇਸ ਅਹੁਦੇ ਲਈ ਨਿਯੁਕਤ ਹੋਏ ਪੁਲਿਸ ਅਫਸਰ ਸ੍ਰੀ ਰਾਜਨ ਕੋਟਰ ਹੁਣ ਜ਼ਿਲ੍ਹਾ ਲੀਏਜ਼ਨ ਕੋਆਰਡੀਨੇਟਰ ਬਣਾਏ ਗਏ ਹਨ। ਉਨ੍ਹਾਂ ਦੀ ਟੀਮ ਦੇ ਵਿਚ ਕਾਂਸਟੇਬਲ ਸ੍ਰੀ ਲਿਆਂਗ ਡੈਂਗ (ਮਿਸਟਰ ਕੇਵਿਨ) ਵੀ ਲਗਾਏ ਗਏ ਹਨ। ਅੱਜ ਉਨ੍ਹਾਂ ਦੇ ਨਾਲ ਇਕ ਸੰਖੇਪ ਮਿਲਣੀ ਰੇਡੀਓ ਸਪਾਈਸ ਦੇ ਨਵੇਂ ਸਟੂਡੀਓ ਪਾਪਾਟੋਏਟੋਏ ਵਿਖੇ ਰੱਖੀ ਗਈ ਸੀ, ਜਿਸ ਦੇ ਵਿਚ ਮੈਨੁਕਾਓ ਪੁਲਿਸ ਜ਼ਿਲ੍ਹਾ ਅਡਵਾਈਜ਼ਰੀ ਬੋਰਡ ਮੈਂਬਰ ਸ. ਪਰਮਿੰਦਰ ਸਿੰਘ, ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ, ਗੁਰਸਿਮਰਨ ਸਿੰਘ ਮਿੰਟੂ, ਨਵਦੀਪ ਕਟਾਰੀਆ, ਅਮਰੀਕ ਸਿੰਘ ਜਗੈਤ, ਅਕਾਲ ਫਾਊਂਡੇਸ਼ਨ ਤੋਂ ਰਘਬੀਰ ਸਿੰਘ ਸ਼ੇਰਗਿੱਲ, ਸੰਨੀ ਸਿੰਘ ਇਮੀਗ੍ਰੇਸ਼ਨ ਅਡਵਾਈਜਰ ਅਤੇ ਪੰਜਾਬੀ ਹੈਰਲਡ ਤੋਂ ਹਰਜਿੰਦਰ ਸਿੰਘ ਬਸਿਆਲਾ ਸ਼ਾਮਿਲ ਹੋਏ। ਸ. ਪਰਮਿੰਦਰ ਸਿੰਘ ਨੇ ਸਾਰਿਆਂ ਦੇ ਨਾਲ ਸੰਖੇਪ ਜਾਣ-ਪਹਿਚਾਣ ਕਰਵਾਈ। ਸ੍ਰੀ ਰਾਜਨ ਸਿੰਘ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ 1996 ਤੋਂ ਨਿਊਜ਼ੀਲੈਂਡ ਪੁਲਿਸ ਦੇ ਵਿਚ ਹਨ। ਉਹ ਕਾਫੀ ਸਮਾਂ ਔਕਲੈਂਡ ਦੇ ਵੱਖ-ਵੱਖ ਹਿਸਿਆ ਅਤੇ ਫਿਰ ਕਾਫੀ ਸਮਾਂ ਹੈਵਲੌਕ ਵਿਖੇ ਨੇਪੀਅਰ ਅਤੇ ਹੇਸਟਿੰਗਜ਼ ਵਿਖੇ ਨੌਕਰੀ ਕਰਦੇ ਰਹੇ। 2019 ਦੇ ਵਿਚ ਉਹ ਦੁਬਾਰਾ ਔਕਲੈਂਡ ਆ ਗਏ ਅਤੇ ਪਿਛਲੀ ਮਹੀਨੇ ਹੀ ਉਨ੍ਹਾਂ ਨੂੰ ਜ਼ਿਲ੍ਹਾ ਏਥਨਿਕ ਕੋਆਰਡੀਨੇਟਰ ਦਾ ਰੋਲ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਸ੍ਰੀ ਰਾਜਨ ਦਾ ਪਰਿਵਾਰ ਬਹੁਤ ਸਮਾਂ ਪਹਿਲਾਂ ਭਾਰਤ ਤੋਂ ਇਥੇ ਆ ਕੇ ਵਸਿਆ ਸੀ। ਉਨ੍ਹਾਂ ਦੀ ਟੀਮ ਦੇ ਦੂਸਰੇ ਮੈਂਬਰ ਸ੍ਰੀ ਕੇਵਿਨ ਨੇ ਵੀ ਆਪਣੇ ਬਾਰੇ ਦੱਸਿਆ ਅਤੇ ਭਾਈਚਾਰੇ ਨਾਲ ਕੰਮ ਕਰਨ ਬਾਰੇ ਸੰਖੇਪ ਵਿਚ ਵੇਰਵਾ ਦਿੱਤਾ। ਦੋਹਾਂ ਅਫਸਰਾਂ ਨੇ ਭਾਰਤੀ ਕਮਿਊਨਿਟੀ ਖਾਸ ਕਰ ਪੰਜਾਬੀ ਭਾਈਚਾਰੇ ਬਾਰੇ ਜਾਣਕਾਰੀ ਲਈ। ਉਨ੍ਹਾਂ ਧਾਰਮਿਕ ਅਸਥਾਨਾਂ ਅਤੇ ਪੰਜਾਬੀ ਮੀਡੀਆ ਬਾਰੇ ਵੀ ਜਾਣਕਾਰੀ ਲਈ। ਆਉਣ ਵਾਲੇ ਸਮੇਂ ਵਿਚ ਉਹ ਸਾਰਿਆਂ ਨਾਲ ਸੰਪਰਕ ਕਰਨਗੇ। ਕੁਝ ਦਿਨ ਪਹਿਲਾਂ ਇਸ ਪੱਤਰਕਾਰ ਵੱਲੋਂ ਇਕ ਫੋਨ ਸਕੈਮ ਬਾਰੇ ਪੁਲਿਸ ਨੂੰ ਜਾਣੂ ਕੀਤਾ ਗਿਆ ਸੀ, ਉਸ ਉਤੇ ਵੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਹਿਕਮਾ ਜਲਦੀ ਹੀ ਉਸ ਧੋਖਾਧੜੀ ਉਤੇ ਪ੍ਰੈਸ ਰਿਲੀਜ ਜਾਰੀ ਕਰ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿਚ ਉਹ ਪੰਜਾਬੀ ਮੀਡੀਆ ਦੇ ਨਾਲ ਆਪਣੀਆਂ ਮਿਲਣੀਆਂ ਵਧਾਉਣਗੇ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਰਹਿਣਗੇ।