ਮੈਕਸੀਕੋ ਸੂਬੇ ‘ਚ ਹੋਈਆਂ ਸੀਨੀਅਰ ਓਲੰਪਿਕ ਖੇਡਾਂ ‘ਚ ਦੋ ਪੰਜਾਬੀਆਂ ਨੇ ਚਮਕਾਇਆ ਭਾਈਚਾਰੇ ਦਾ ਨਾਂ

ਨਿਊਯਾਰਕ, 25 ਜੁਲਾਈ (ਰਾਜ ਗੋਗਨਾ/ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੀਤੇ ਦਿਨੀਂ ਮੈਕਸੀਕੋ ਸੂਬੇ ਦੇ ਸੋਹਣੇ ਸ਼ਹਿਰ ਐਲਬਾਕਰਕੀ ਵਿਚ 40ਵੀਆਂ ਸੀਨੀਅਰ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਦੁਨੀਆਂ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ। ਇਹ ਖੇਡਾਂ ਸਥਾਨਕ ਟ੍ਰੈਕ ਐਂਡ ਫੀਲਡ ਖੇਤਰ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਫਰਿਜ਼ਨੋ ਸ਼ਹਿਰ ਦੇ ਦੋ ਪੰਜਾਬੀ ਸੀਨੀਅਰ ਗੱਭਰੂਆਂ ਨੇ ਵੀ ਹਿੱਸਾ ਲਿਆ ਤੇ ਕਈ ਮੈਡਲ ਆਪਣੇ ਨਾਮ ਕੀਤੇ। ਇਨ੍ਹਾਂ ਖਿਡਾਰੀਆਂ ਵਿਚੋਂ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿਚ ਸੋਨੇ ਦਾ ਤਗਮਾ ਅਤੇ ਡਿਸਕਸ ਥਰੋ ਵਿਚ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਸੁਖਨੈਣ ਸਿੰਘ ਮੁਲਤਾਨੀ (ਭੁਲੱਥ) ਨੇ ਟ੍ਰਿਪਲ ਜੰਪ ਅਤੇ ਲੌਂਗ ਜੰਪ ਵਿਚ ਸੋਨੇ ਦਾ ਤਗਮਾਂ ਜਿੱਤਿਆ ਅਤੇ 50 ਮੀਟਰ ਡੈਸ਼ ਰੇਸ ਵਿਚ ਉਸ ਨੂੰ ਬਰਾਊਂਜ਼ ਮੈਡਲ ਨਾਲ ਸਬਰ ਕਰਨਾ ਪਿਆ। ਇਹ ਦੱਸ ਦੇਈਏ ਕਿ ਸੁਖਨੈਣ ਤੇ ਗੁਰਬਖਸ਼ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਖ਼ਰਚੇ ‘ਤੇ ਪੂਰੇ ਅਮਰੀਕਾ ਭਰ ਵਿਚ ਸੀਨੀਅਰ ਗੇਮਾਂ ਵਿਚ ਹਿੱਸਾ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰਦੇ ਆ ਰਹੇ ਹਨ।