ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਮੈਕਸਿਕੋ ਸਿਟੀ, 24 ਜੁਲਾਈ (ਪੰਜਾਬ ਮੇਲ)- ਮੈਕਸਿਕੋ ਦੀ ਰਾਜਧਾਨੀ ਮੈਕਸਿਕੋ ਸਿਟੀ ਵਿਚ ਅਲੱਗ ਅਲੱਗ ਘਟਨਾਵਾਂ ਵਿਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸਥਾਨਕ ਅਟਾਰਨੀ ਜਨਰਲ ਦੇ ਦਫ਼ਤਰ ਨੇ ਦੱਸਿਆ ਕਿ ਕੱਲ ਤੜਕੇ ਲਾਨੋ ਰੇਡੋਨਡੋ ਸ਼ਹਿਰ ਦੇ ਦੱਖਣ-ਪੱਛਮ ਸਥਿਤ ਇਕ ਬਾਰ ਵਿਚ ਮੋਟਰ ਸਾਈਕਲ ਸਵਾਰ ਦੋ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਮਹਿਲਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਗੋਲੀਬਾਰੀ ਵਿਚ ਜ਼ਖਮੀ ਹੋਏ 23 ਸਾਲਾ ਵਿਅਕਤੀ ਦਾ ਇਲਾਜ ਹਸਪਤਾਲ ਵਿਚ ਚਲ ਰਿਹਾ ਹੈ। ਗੋਲੀਬਾਰੀ ਤੋਂ ਬਅਦ ਬੰਦੂਕਧਾਰੀ ਉਥੋਂ ਫਰਾਰ ਹੋ ਗਏ। ਗੋਲੀ ਦੀ ਇਕ ਹੋਰ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਮਾਮਲੇ ਦੀ ਜਾਂਚ ਚਲ ਰਹੀ ਹੈ, ਫਿਲਹਾਲ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਸਕਿਆ ਹੈ। ਮੈਕਸਿਕੋ ਵਿਚ ਪਿਛਲੇ ਕੁਝ ਸਮੇਂ ਤੋਂ ਗੋਲੀਬਾਰੀ ਦੀ ਘਟਨਾ ਵਿਚ ਕਾਫੀ ਵਾਧਾ ਹੋਇਆ ਹੈ। ਅਧਿਕਾਰਕ ਅੰਕੜਿਆਂ ਦੇ ਅਨੁਸਾਰ ਮਈ-ਜੂਨ ਸਭ ਤੋਂ ਜ਼ਿਆਦਾ ਹਿੰਸਕ ਮਹੀਨਾ ਰਿਹਾ ਹੈ। ਇਸੇ ਤਰ੍ਹਾਂ ਦਸ ਕੁ ਦਿਨ ਪਹਿਲਾਂ ਵੀ
ਮੈਕਸਿਕੋ ਦੇ ਹਿਡਾਲਗੋ ਸੂਬੇ ਦੇ ਤਿਜ਼ਾਯੁਕਾ ਸ਼ਹਿਰ ਵਿਚ ਨਕਾਬਪੋਸ਼ ਬੰਦੂਕਧਾਰੀਆਂ ਨੇ ਬੱਚਿਆਂ ਦੀ ਜਨਮ ਦਿਨ ਪਾਰਟੀ ਤੇ ਗੋਲੀਆਂ ਚਲਾਈਆਂ ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਘਟਨਾ ਸਥਾਨ ਤੋਂ ਤਿੰਨ ਬੱਚੇ ਜ਼ਿੰਦਾ ਮਿਲੇ ਸੀ। ਲੇਕਿਨ ਪਾਰਟੀ ਵਿਚ ਮੌਜੂਦ ਸਾਰੇ 11 ਅੱਲੜਾਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ। ਸ਼ਹਿਰ ਦੇ ਰਿਹਾਇਸ਼ੀ ਇਲਾਕੇ ਦੇ ਇਕ ਘਰ ਦੇ ਬਾਹਰ ਟੈਂਟ ਲਗਾ ਕੇ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਸੀ। ਮੈਕਸਿਕੋ ਵਿਚ ਪਿਛਲੇ ਕੁਝ ਦਿਨਾਂ ਵਿਚ ਹਿੰਸਾ ਦੀ ਅਜਿਹੀ ਕਈ ਘਟਨਾਵਾਂ ਹੋਈਆਂ ਹਨ ਅਤੇ ਜ਼ਿਆਦਾਤਰ ਘਟਨਾਵਾਂ ਦੀ ਵਜ੍ਹਾ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਜੁੜੀ ਰੰਜਿਸ਼ ਰਹੀ ਹੈ।