ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- 6 ਜਨਵਰੀ ਨੂੰ ਕੈਪੀਟੋਲ ’ਚ ਹੋਈ ਹਿੰਸਾ ਨੂੰ ਲੈ ਕੇ ਟਰੰਪ ਨੂੰ ਉਨ੍ਹਾਂ ਦਾ ਕਾਰਜਕਾਲ 20 ਜਨਵਰੀ 2021 ਨੂੰ ਸਮਾਪਤ ਹੋਣ ਤੋਂ ਪਹਿਲਾਂ ਹੀ ਹਟਾਉਣ ਲਈ ਡੈਮੋਕ੍ਰੇਟਸ ਸੰਸਦ ’ਚ ਪ੍ਰਸਤਾਵ ਪੇਸ਼ ਕਰਨ ਵਾਲੇ ਹਨ। ਇਸ ਵਿਚਕਾਰ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਇਹ ਜ਼ਬਰਦਸਤ ਗੁੱਸਾ ਪੈਦਾ ਕਰ ਰਿਹਾ ਹੈ। ਉਨ੍ਹਾਂ ਦਾ ਇਸ਼ਾਰਾ ਲੋਕਾਂ ਦੇ ਗੁੱਸੇ ਤੋਂ ਸੀ।
ਟਰੰਪ ਨੇ ਮੰਗਲਵਾਰ ਸਵੇਰੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ, ‘‘ਮਹਾਂਦੋਸ਼ ਦੀ ਪ੍ਰਕਿਰਿਆ ਲੋਕਾਂ ਵਿਚ ਜ਼ਬਰਦਸਤ ਗੁੱਸਾ ਪੈਦਾ ਕਰ ਰਹੀ ਹੈ ਅਤੇ ਇਸ ਨੂੰ ਫਿਰ ਵੀ ਕਰ ਰਹੇ ਹੋ, ਇਹ ਖ਼ਤਰਨਾਕ ਹੈ, ਜੋ ਉਹ ਕਰ ਰਹੇ ਹਨ।’’ ਟਰੰਪ ਨੇ ਕਿਹਾ, ‘‘ਨੈਨਸੀ ਪੇਲੋਸੀ ਅਤੇ ਚੱਕ ਸ਼ੂਮਰ ਦਾ ਇਸ ’ਤੇ ਅੱਗੇ ਵਧਣਾ, ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਲਈ ਖ਼ਤਰਾ ਪੈਦਾ ਕਰ ਰਹੇ ਹਨ ਅਤੇ ਇਸ ਨਾਲ ਬਹੁਤ ਗੁੱਸਾ ਪੈਦਾ ਹੋ ਰਿਹਾ ਹੈ। ਮੈਂ ਕੋਈ ਹਿੰਸਾ ਨਹੀਂ ਚਾਹੁੰਦਾ।’’ ਗੌਰਤਲਬ ਹੈ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਮਹਾਂਦੋਸ਼ ਲਈ ਅੱਜ ਮਤਾ ਪੇਸ਼ ਕੀਤਾ ਜਾ ਸਕਦਾ ਹੈ।