ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

-ਕੈਲੰਡਰ ਨਿਰਮਾਤਾ ਭਾਈ ਪੁਰੇਵਾਲ ਨੇ ਹੋਰ ਸਪੱਸ਼ਟੀਕਰਨ ਦਿੱਤੇ
ਸੈਨਹੋਜ਼ੇ, 6 ਨਵੰਬਰ (ਤਰਲੋਚਨ ਸਿੰਘ ਦੁਪਾਲ ਪੁਰ/ਪੰਜਾਬ ਮੇਲ)- ਪੰਥਕ ਹਲਕਿਆਂ ਵਿਚ ਇਹ ਖਬਰ ਬੜੀ ਪ੍ਰਸੰਨਤਾ ਨਾਲ ਪੜ੍ਹੀ-ਸੁਣੀ ਜਾਵੇਗੀ ਕਿ ਸੰਨ 2003 ਤੋਂ 2010 ਤੱਕ ਲਾਗੂ ਰਹੇ ਨਾਨਕਸ਼ਾਹੀ ਕੈਲੰਡਰ ਬਾਰੇ ਮੁੜ ਤੋਂ ਵਿਚਾਰ-ਚਰਚਾ ਸ਼ੁਰੂ ਹੋ ਗਈ ਹੈ। ਇਸ ਕੈਲੰਡਰ ਦੇ ਨਿਰਮਾਤਾ ਭਾਈ ਪਾਲ ਸਿੰਘ ਪੁਰੇਵਾਲ ਖਰਾਬ ਸਿਹਤ ਦੇ ਬਾਵਜੂਦ ਇਨ੍ਹੀਂ ਦਿਨੀਂ ਕੈਨੇਡਾ ਤੋਂ ਪੰਜਾਬ ਪਹੁੰਚੇ ਹੋਏ ਹਨ। ਬੀਤੇ ਦੋ ਨਵੰਬਰ ਨੂੰ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਲੰਮਾਂ ਸਮਾਂ ਵਿਚਾਰ-ਵਟਾਂਦਰਾ ਕੀਤਾ। ਭੁਗੋਲ ਤੇ ਖਗੋਲ ਵਿਸ਼ਿਆਂ ਦੇ ਮਾਹਰ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਦੇ ਦੱਸਣ ਅਨੁਸਾਰ ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਪੁਰੇਵਾਲ ਤੋਂ ਕਈ ਤੱਥਾਂ ਬਾਰੇ ਸਵਾਲ ਪੁੱਛੇ ਅਤੇ ਕੈਲੰਡਰ ਦੀਆਂ ਵਿਸ਼ੇਸ਼ਤਾਈਆਂ ਬਾਬਤ ਜਾਣਕਾਰੀ ਹਾਸਲ ਕੀਤੀ। ਭਾਈ ਪੁਰੇਵਾਲ ਨੇ ਕੈਲੰਡਰ ਵਿਰੁੱਧ ਪ੍ਰਗਟਾਏ ਜਾਂਦੇ ਕਈ ਸ਼ੰਕਿਆਂ ਦੇ ਤਸੱਲੀਬਖਸ਼ ਜਵਾਬ ਦਿੱਤੇ, ਜਿਨ੍ਹਾਂ ਤੋਂ ਜਥੇਦਾਰ ਜੀ ਬਹੁਤ ਪ੍ਰਭਾਵਿਤ ਹੋਏ।
ਇਸ ਮੌਕੇ ਭਾਈ ਪਾਲ ਸਿੰਘ ਪੁਰੇਵਾਲ ਦੇ ਨਾਲ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਾਬ੍ਹੋ ਕੀ ਤਲਵੰਡੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਪੰਜਾਂ ਪਿਆਰਿਆਂ ਵਿਚ ਸ਼ਾਮਲ ਰਹੇ ਭਾਈ ਖੰਡੇ ਵਾਲਾ ਵੀ ਮੌਜੂਦ ਸਨ। ਭਾਈ ਕੇਵਲ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਪ੍ਰਗਟਾਏ ਵਿਚਾਰਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ ਪਸਾਰ ਹਿਤ ਸੈਮੀਨਾਰ ਅਤੇ ਹੋਰ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਹੁਣ ਜਦੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ, ਤਾਂ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਨ ਲਈ ਇਹ ਢੁੱਕਵਾਂ ਸਮਾਂ ਹੈ। ਇਸ ਬਾਬਤ ਸਿੱਖ ਜਥੇਬੰਦੀਆਂ ਨਾਲ ਸੁਹਿਰਦਤਾ ਭਰਪੂਰ ਵਿਚਾਰ-ਵਟਾਂਦਰਾ ਕਰਨ ਲਈ ਜਲਦੀ ਯਤਨ ਕੀਤੇ ਜਾਣਗੇ।