ਮੁੱਖ ਮੰਤਰੀ ਨੇ ਸੁਰਿੰਦਰ ਸਿੰਗਲਾ ਦੇ ਨਵੀਂ ਦਿੱਲੀ ਵਿੱਖੇ ਭੋਗ ਮੌਕੇ ਸ਼ਾਮਲ ਹੋਣ ਲਈ ਧਰਮਸੋਤ, ਸੋਢੀ ਅਤੇ ਵਿਜੇ ਇੰਦਰ ਦੀ ਡਿਊਟੀ ਲਾਈ

ਚੰਡੀਗੜ੍ਹ, 30 ਜੂਨ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੇ ਨਵੀਂ ਦਿੱਲੀ ਵਿੱਖੇ 2 ਜੂਲਾਈ ਨੂੰ ਪੈਣ ਵਾਲੇ ਭੋਗ ਮੌਕੇ ਸ਼ਾਮਲ ਹੋਣ ਲਈ ਪੰਜਾਬ ਸਰਕਾਰ ਦੀ ਤਰਫੋਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਅਤੇ ਪੀ ਡਬਲਯੂ ਡੀ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਡਿਊਟੀ ਲਗਾਈ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਭੋਗ ਮੌਕੇ ਇਨ੍ਹਾਂ ਮੰਤਰੀਆਂ ਦੀ ਹਾਜ਼ਰ ਰਹਿਣ ਲਈ ਡਿਊਟੀ ਲਗਾਈ ਹੈ ਕਿਉਂਕਿ ਉਹ ਸੋਮਵਾਰ ਨੂੰ ਸੱਦੀ ਗਈ ਮੰਤਰੀ ਮੰਡਲ ਦੀ ਜ਼ਰੂਰੀ ਮੀਟਿੰਗ ਦੇ ਮੱਦਨਜ਼ਰ ਭੋਗ ਮੌਕੇ ਸ਼ਾਮਲ ਹੋਣ ਲਈ ਅਸਮਰੱਥ ਹਨ।
ਗੌਰਤਲਬ ਹੈ ਕਿ ਸੁਰਿਦੰਰ ਸਿੰਗਲਾ ਦਾ ਲੰਮੀ ਬਿਮਾਰੀ ਤੋਂ ਬਾਅਦ 28 ਜੂਨ ਨੂੰ ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ ਸੀ। ਮੁੱਖ ਮੰਤਰੀ ਦੇ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਨੇ ਸ੍ਰੀ ਸਿੰਗਲਾ ਦੇ ਸਤਿਕਾਰ ਵਜੋਂ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਸੀ। ਸ੍ਰੀ ਸਿੰਗਲਾ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੀ ਸਰਕਾਰ ਵਿੱਚ ਕੈਬਿਨੇਟ ਮੰਤਰੀ ਸਨ। ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀ ਸਿੰਗਲਾ ਦੇ ਵਿਛੋੜੇ ਨੂੰ ਖੁਦ ਲਈ ਨਿੱਜੀ ਘਾਟਾ ਦੱਸਿਆ ਸੀ।