ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ ਵੱਲੋਂ ਸਾਰੀਆਂ ਕਿਸਾਨ ਧਿਰਾਂ ਨੂੰ ਰੇਲ ਅਵਾਜਾਈ ਨਾ ਰੋਕਣ ਦੀ ਅਪੀਲ

94
Share

ਚੰਡੀਗੜ੍ਹ, 9 ਅਕਤੂਬਰ (ਪੰਜਾਬ ਮੇਲ)- ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸਾਰੀਆਂ ਕਿਸਾਨ ਧਿਰਾਂ ਨੂੰ ਪੱਤਰ ਭੇਜਿਆ ਹੈ ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਮਾਲ ਗੱਡੀਆਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਈ ਜਾਵੇ ਕਿਉਂਕਿ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ ਜਿਸ ਵਾਸਤੇ ਖਾਦ ਦੀ ਲੋੜ ਹੈ ਅਤੇ ਅਨਾਜ ਦੀ ਢੋਆ-ਢੁਆਈ ਤੋਂ ਇਲਾਵਾ ਡੀਜ਼ਲ-ਪੈਟਰੋਲ ਦੀ ਵੀ ਲਗਾਤਾਰ ਲੋੜ ਪੈਣੀ ਹੈ। ਉਨ੍ਹਾਂ ਪੰਜਾਬ ਅਤੇ ਕਿਸਾਨੀ ਹਿੱਤਾਂ ਦੇ ਮੱਦੇਨਜ਼ਰ ਇਸ ’ਤੇ ਗ਼ੌਰ ਕਰਨ ਲਈ ਕਿਹਾ ਹੈ। 30 ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਤੋਂ ਪੱਤਰ ਮਿਲਣ ਮਗਰੋਂ ਸਾਰੀਆਂ ਕਿਸਾਨ ਧਿਰਾਂ ਨੇ ਚਰਚਾ ਸ਼ੁਰੂ ਕੀਤੀ ਹੈ ਪ੍ਰੰਤੂ ਆਖ਼ਰੀ ਫ਼ੈਸਲਾ ਸਾਂਝੀ ਮੀਟਿੰਗ ਵਿਚ ਹੀ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅਗਲੇ ਫ਼ੈਸਲੇ ਤੱਕ ਰੇਲ ਮਾਰਗਾਂ ’ਤੇ ਨਾਕੇ ਕਾਇਮ ਰਹਿਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਟੌਲ ਪਲਾਜ਼ੇ ਹਾਲੇ ਖਾਲੀ ਪਏ ਹਨ, ਉਨ੍ਹਾਂ ’ਤੇ ਵੀ ਨਾਕੇ ਲਾਏ ਜਾਣਗੇ। ਉਨ੍ਹਾਂ ਮੁਤਾਬਕ ਬਠਿੰਡਾ ਰਿਫ਼ਾਈਨਰੀ ਵਾਲੇ ਰੇਲ ਮਾਰਗ ’ਤੇ ਵੀ ਅੰਦੋਲਨ ਸ਼ੁਰੂ ਕਰਨ ਬਾਰੇ ਚਰਚਾ ਸ਼ੁਰੂ ਹੋਈ ਹੈ।


Share