ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਕੀਤਾ ਜਾ ਰਿਹਾ ਹੈ ਚੋਣ ਜਾਗਰੂਕਤਾ ਮੁਹਿੰਮ ਦਾ ਆਗਾਜ਼

205
Share

ਜਾਗਰੂਕਤਾ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲਾ ਪੱਧਰ ਦੇ ਨਾਮਵਰ ਚਿਹਰਿਆਂ ਨੂੰ ਕੀਤਾ ਜਾ ਰਿਹਾ ਹੈ ਮੁਹਿੰਮ ਵਿੱਚ ਸ਼ਾਮਲ

ਚੰਡੀਗੜ, 4 ਸੰਤਬਰ (ਪੰਜਾਬ ਮੇਲ)- ਸੂਬੇ ਦੇ ਲੋਕਾਂ ਦਾ ਚੋਣਾਂ ਵਿੱਚ ਭਰੋਸਾ ਹੋਰ ਮਜਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਚੋਣ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਤਾਂ ਜੋ ਚੋਣਾਂ ਲਈ ਉਸਾਰੂ ਮਾਹੌਲ ਸਿਰਜਿਆ ਜਾ ਸਕੇ। ਲੋਕਾਂ ਦੇ ਮਨਾਂ ਵਿੱਚ ਚੋਣਾਂ ਪ੍ਰਤੀ ਸਾਕਾਰਾਤਮਕ ਨਜ਼ਰੀਏ ਨੂੰ ਹੋਰ ਪਕੇਰਾ ਕਰਨ ਲਈ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਸਤੀਆਂ ਜਿਵੇਂ ਗਾਇਕ, ਲੇਖਕ,  ਖਿਡਾਰੀ, ਟਰਾਂਸਜੈਂਡਰਾਂ ਦੇ ਆਗੂ, ਸਮਾਜ ਸੇਵਕ ਆਦਿ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ।
ਇਸ ਸਬੰਧੀ ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆ ਦੀ ਪ੍ਰਧਾਨਗੀ ਹੇਠ ਅੱਜ ਜ਼ਿਲਾ ਪੱਧਰੀ ਹਸਤੀਆਂ ਨਾਲ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਸਾਰੇ 22 ਜ਼ਿਲਿਆਂ ਦੀਆਂ ਹਸਤੀਆਂ ਨੇ ਭਾਗ ਲਿਆ ਅਤੇ ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ ਨਾਲ ਵਿਚਾਰ-ਵਟਾਂਦਰਾ ਕੀਤਾ। ਸਾਰੀਆਂ ਹਸਤੀਆਂ ਨੇ ਆਪਣੇ ਅਤੇ ਆਪਣੀ ਮੁਹਾਰਤ ਦੇ ਖੇਤਰਾਂ ਬਾਰੇ ਜਾਣੂ ਕਰਾਇਆ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਢੁਕਵਾਂ ਮਾਹੌਲ ਬਣਾਉਣ ਦੇ ਯਤਨਾਂ ਵਿੱਚ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫਤਰ ਨੂੰ ਪੂਰਨ ਸਹਿਯੋਗ ਦੇਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿਚ 2022 ਵਿਚ ਚੋਣਾਂ ਹੋਣੀਆਂ ਹਨ। ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ, ਆਈ.ਏ.ਐੱਸ. ਨੇ ਹਦਾਇਤ ਕੀਤੀ ਹੈ ਕਿ ਇਸ ਦੌਰਾਨ ਸਮੇਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਅਤੇ ਵੋਟਰ ਸੂਚੀ ਸਬੰਧੀ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੀਆਂ ਭਿ੍ਰਸ਼ਟ ਪ੍ਰਥਾਵਾਂ ਖਿਲਾਫ ਮੁਹਿੰਮ ਚਲਾਈ ਜਾਵੇ। ਚੋਣਾਂ ਦੀ ਮਹੱਤਤਾ ਬਾਰੇ ਅਗਵਾਈ ਅਤੇ ਵਿਆਪਕ ਜਾਗਰੂਕਤਾ ਪੈਦਾ ਕੀਤੀ ਜਾਵੇ। ਅਜਿਹਾ ਸਾਰਥਕ ਮਾਹੌਲ ਸਿਰਜਣ ਦੀ ਸਖਤ ਲੋੜ ਹੈ ਜਿਸ ਵਿਚ ਰਾਜਨੀਤਿਕ ਪਾਰਟੀਆਂ, ਉਮੀਦਵਾਰ ਅਤੇ ਆਮ ਲੋਕ ਸੁਚੱਜੇ ਢੰਗ ਨਾਲ ਹਿੱਸਾ ਲੈ ਸਕਣ।
ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਉਨਾਂ ਖੇਤਰਾਂ ਬਾਰੇ ਦੱਸਿਆ ਗਿਆ ਜਿਥੇ ਜ਼ਿਲਾ ਆਈਕਨਾਂ ਦਾ ਸਹਿਯੋਗ ਲੋੜੀਂਦਾ ਹੈ, ਜਿਵੇਂ ਨਵੇਂ ਨੌਜਵਾਨ ਵੋਟਰਾਂ, ਦਿਵਿਆਂਗ ਵਿਅਕਤੀਆਂ, ਥਰਡਜੈਂਡਰ ਪ੍ਰਵਾਸੀ ਮਜ਼ਦੂਰਾਂ, ਬੇਘਰੇ ਅਤੇ ਪ੍ਰਵਾਸੀ ਭਾਰਤੀਆਂ ਵੋਟਰਾਂ ਦੀ 100% ਰਜਿਸਟ੍ਰੇਸ਼ਨ ‘ਤੇ ਵਿਸ਼ੇਸ਼ ਧਿਆਨ ਦੇਣਾ, ਸਮਰੀ ਰਵੀਜਨ ਅਤੇ ਚੋਣ ਪ੍ਰਕਿਰਿਆ ਦੇ ਹੋਰ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰਨਾ।
ਪ੍ਰਭਾਵਸ਼ਾਲੀ ਸੰਦੇਸ਼ਾਂ ਅਤੇ ਜਨਤਾ ਨਾਲ ਸੰਚਾਰ ਲਈ ਆਡੀਓ-ਵੀਡੀਓ ਅਤੇ ਲਿਖਤੀ ਸਮੱਗਰੀ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਦੁਆਰਾ ਤਿਆਰ ਕੀਤੀ ਜਾਵੇਗੀ ਅਤੇ ਆਈਕਨਾਂ ਨਾਲ ਸਾਂਝੀ ਕੀਤੀ ਜਾਏਗੀ। ਵਿਸਤਿ੍ਰਤ ਐਕਸ਼ਨ ਪਲਾਨ ਜਲਦੀ ਹੀ ਸਾਹਮਣੇ ਲਿਆਂਦਾ ਜਾਵੇਗਾ, ਜਿਸ ਨੂੰ ਲਾਗੂ ਕਰਨ ਵਿੱਚ ਆਈਕਨ ਸਰਗਰਮੀ ਨਾਲ ਸ਼ਾਮਲ ਹੋਣਗੇ।
ਵਧੀਕ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਿਸ਼ਾਲ ਮੁਹਿੰਮ ਦੇ ਹਿੱਸੇ ਵਜੋਂ, ਵੱਖ-ਵੱਖ ਸਮਾਗਮਾਂ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਆਈਕਨਾਂ ਨੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੁਆਰਾ ਯੋਜਨਾਬੱਧ ਸਾਰੀਆਂ ਗਤੀਵਿਧੀਆਂ ਵਿੱਚ ਸਹਿਯੋਗ ਦੇਣ ਅਤੇ ਇਕ ਮਜ਼ਬੂਤ ਲੋਕਤੰਤਰ ਬਣਾਉਣ ਵਿਚ ਮਦਦ ਕਰਨ ਦਾ ਵਾਅਦਾ ਕੀਤਾ।

Share