ਮੁੰਬਈ ਪੁਲਿਸ ਵੱਲੋਂ ਮਿਥੁਨ ਚੱਕਰਵਰਤੀ ਦੇ ਪੁੱਤਰ ਤੇ ਪਤਨੀ ‘ਤੇ ਬਲਾਤਕਾਰ ਤੇ ਧੋਖਾਧੜੀ ਦਾ ਕੇਸ ਦਰਜ

83
Share

ਮੁੰਬਈ, 17 ਅਕਤੂਬਰ (ਪੰਜਾਬ ਮੇਲ)- ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੇ ਪੁੱਤਰ ਮਹਾਕਸ਼ਯ ਅਤੇ ਪਤਨੀ ਯੋਗੀਤਾ ਬਾਲੀ ਖਿਲਾਫ ਬਲਾਤਕਾਰ ਅਤੇ ਧੋਖਾਧੜੀ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ 38 ਸਾਲਾ ਔਰਤ ਦੀ ਸ਼ਿਕਾਇਤ ਦੇ ਅਧਾਰ ‘ਤੇ ਵੀਰਵਾਰ ਦੀ ਰਾਤ ਨੂੰ ਇਹ ਕੇਸ ਓਸ਼ੀਵਾੜਾ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ, ”ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਸਾਲ 2015 ਤੋਂ 2018 ਤੱਕ ਮਹਾਕਸ਼ੈ ਚੱਕਰਵਰਤੀ ਦੇ ਨਾਲ ਸਬੰਧ ਵਿੱਚ ਸੀ ਅਤੇ ਉਸ ਸਮੇਂ ਦੌਰਾਨ ਉਸ ਨੇ ਉਸ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ।” ਔਰਤ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ਦੌਰਾਨ ਉਹ ਅੰਧੇਰੀ ਪੱਛਮ ਦੇ ਆਦਰਸ਼ ਨਗਰ ਵਿਖੇ ਮਹਾਕਸ਼ੈ ਦਾ ਫਲੈਟ ਦੇਖਣ ਗਈ ਸੀ, ਜਿਸ ਨੂੰ ਉਸ ਨੇ ਸਾਲ 2015 ‘ਚ ਖਰੀਦਿਆ ਸੀ। ਉਸ ਨੇ ਕਿਹਾ ਕਿ ਜਦੋਂ ਉਹ ਉਥੇ ਗਈ ਤਾਂ ਮੁਲਜ਼ਮ ਨੇ ਉਸ ਨੂੰ ਸੋਫਟ ਡ੍ਰਿੰਕਸ ਪੀਣ ਦੀ ਪੇਸ਼ਕਸ਼ ਕੀਤੀ ਅਤੇ ਉਸ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਹ ਗਰਭਵਤੀ ਹੋਈ ਤਾਂ ਮਹਾਕਸ਼ੈ ਨੇ ਉਸ ਨੂੰ ਗਰਭਪਾਤ ਕਰਨ ਲਈ ਗੋਲੀਆਂ ਦਿੱਤੀਆਂ। ਔਰਤ ਨੇ ਕਿਹਾ ਕਿ ਉਹ ਮਹਾਕਸ਼ੈ ਨੂੰ ਆਮ ਤੌਰ ‘ਤੇ ਦੋਵਾਂ ਦੇ ਵਿਆਹ ਬਾਰੇ ਪੁੱਛਦੀ ਪਰ ਉਹ ਕੋਈ ਜੁਆਬ ਨਾ ਦਿੰਦਾ। ਜਨਵਰੀ 2018 ਵਿਚ ਉਸ ਨੇ ਵਿਆਹ ਨਾ ਕਰਵਾਉਣ ਬਾਰੇ ਸਾਫ਼ ਆਖ ਦਿੱਤਾ, ਜਿਸ ਕਾਰਨ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਉਸ ਨੇ ਕਿਹਾ ਕਿ ਮਹਾਕਸ਼ੈ ਦੀ ਮਾਂ ਯੋਗੀਤਾ ਬਾਲੀ ਨੇ ਉਸ ਨੂੰ ਧਮਕੀ ਦਿੱਤੀ। ਬਾਅਦ ਵਿਚ ਸ਼ਿਕਾਇਤਕਰਤਾ ਆਪਣੇ ਭਰਾ ਨਾਲ ਦਿੱਲੀ ਚਲੀ ਗਈ। ਉਥੇ ਹੀ ਉਸ ਨੇ ਮਹਾਕਸ਼ੈ ਅਤੇ ਉਸ ਦੀ ਮਾਂ ਯੋਗਿਤਾ ਬਾਲੀ ਖ਼ਿਲਾਫ਼ ਜੂਨ 2018 ਵਿਚ ਬੇਗ਼ਮਪੁਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਬਾਅਦ ਵਿਚ ਦਿੱਲੀ ਦੀ ਅਦਾਲਤ ਨੇ ਇਸ ਕੇਸ ਵਿਚ ਮਹਾਕਸ਼ੈ ਅਤੇ ਉਸ ਦੀ ਮਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਮਾਰਚ 2020 ‘ਚ ਦਿੱਲੀ ਹਾਈ ਕੋਰਟ ਨੇ ਔਰਤ ਨੂੰ ਉਸ ਇਲਾਕੇ ਦੀ ਅਦਾਲਤ ਵਿਚ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਸੀ, ਜਿਥੇ ਇਹ ਜੁਰਮ ਹੋਇਆ ਸੀ। ਇਸ ਤੋਂ ਬਾਅਦ ਉਸਨੇ ਇਸ ਸਾਲ ਜੁਲਾਈ ਵਿਚ ਓਸ਼ੀਵਾੜਾ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।


Share