ਮੁਹਾਲੀ ‘ਚ ਗੈਰਕਾਨੂੰਨੀ ਇਮੀਗਰੇਸ਼ਨ ਅਤੇ ਟਰੈਵਲ ਏਜੰਟਾਂ ਦਾ ਗੋਰਖਧੰਦਾ ਜ਼ੋਰਾਂ ‘ਤੇ!

285
Share

ਡੀ.ਸੀ. ਵੱਲੋਂ ਏਜੰਟਾਂ ਦੀ ਸ਼ਨਾਖ਼ਤ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਐਲਾਨ
ਐੱਸ.ਏ.ਐੱਸ. ਨਗਰ (ਮੁਹਾਲੀ), 23 ਅਕਤੂਬਰ (ਪੰਜਾਬ ਮੇਲ)- ਮੁਹਾਲੀ ‘ਚ ਗੈਰਕਾਨੂੰਨੀ ਇਮੀਗਰੇਸ਼ਨ ਅਤੇ ਟਰੈਵਲ ਏਜੰਟਾਂ ਦਾ ਗੋਰਖਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਹਾਲਾਂਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਕਾਰਨ ਥੋੜ੍ਹੇ ਸਮੇਂ ਇਸ ਕਾਰੋਬਾਰ ਨੂੰ ਠੱਲ੍ਹ ਜ਼ਰੂਰ ਪਈ ਸੀ, ਪਰ ਹਾਲਾਤ ਸੁਖਾਵੇਂ ਹੁੰਦੇ ਹੀ ਇਹ ਲੋਕ ਮੁੜ ਸਰਗਰਮ ਹੋ ਗਏ। ਮੁਹਾਲੀ ਸਮੇਤ ਆਸਪਾਸ ਇਲਾਕੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਮੀਗ੍ਰੇਸ਼ਨ ਦਫ਼ਤਰ ਚੱਲ ਰਹੇ ਹਨ ਅਤੇ ਹੁਣ ਤੱਕ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਅਣਗਿਣਤ ਕੇਸ ਦਰਜ ਹਨ, ਪਰ ਇਮੀਗਰੇਸ਼ਨ ਠੱਗੀ ਦੇ ਮਾਮਲਿਆਂ ‘ਚ ਨਾਮਜ਼ਦ ਵਿਅਕਤੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਪੁਰਾਣੀ ਕੰਪਨੀ ਬੰਦ ਕਰਕੇ ਨਵੇਂ ਨਾਮ ਨਾਲ ਦਫ਼ਤਰ ਖੋਲ੍ਹ ਲੈਂਦੇ ਹਨ। ਮੁਹਾਲੀ ਅਦਾਲਤ ‘ਚ ਅਜਿਹੇ ਕਈ ਮਾਮਲੇ ਵਿਚਾਰ ਅਧੀਨ ਹਨ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਇਮੀਗ੍ਰੇਸ਼ਨ ਧੋਖਾਧੜੀ ਖ਼ਿਲਾਫ਼ ਕਾਫੀ ਸਮੇਂ ਤੋਂ ਸੰਘਰਸ਼ਸ਼ੀਲ ਹਨ। ਉਧਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਸ਼ਨਾਖ਼ਤ ਲਈ ਸਮੂਹ ਸਬ ਡਵੀਜ਼ਨਾਂ ਦੇ ਐੱਸ.ਡੀ.ਐੱਮਜ਼ ਅਤੇ ਡੀ.ਐੱਸ.ਪੀਜ਼ ਦੀ ਨਿਗਰਾਨੀ ਹੇਠ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੈਵਲ ਕੰਸਲਟੈਂਸੀ/ਏਜੰਸੀਆਂ ਵਿਰੁੱਧ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਇਮੀਗਰੇਸ਼ਨ ਨਿਯਮਾਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


Share