ਮੁਲਤਾਨੀ ਅਗਵਾ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ਬਾਰੇ ਫ਼ੈਸਲਾ 29 ਤੱਕ ਰਾਖਵਾਂ

242
Share

ਐੱਸ. ਏ.ਐੱਸ. ਨਗਰ (ਮੁਹਾਲੀ), 27 ਅਗਸਤ (ਪੰਜਾਬ ਮੇਲ)- ਮੁਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਆਈ.ਏ.ਐੱਸ. ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇ.ਈ.) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਹਨ। ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਮੌਕੇ ਵੀਰਵਾਰ ਨੂੰ ਬਚਾਅ ਪੱਖ ਦੇ ਵਕੀਲ ਏ.ਪੀ.ਐੱਸ. ਦਿਉਲ ਅਤੇ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ‘ਚ ਕਰੀਬ ਢਾਈ ਘੰਟੇ ਲਗਾਤਾਰ ਭਖਵੀਂ ਬਹਿਸ ਹੋਈ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਨੂੰ ਕੋਈ ਰਾਹਤ ਨਾ ਦਿੰਦਿਆਂ ਜ਼ਮਾਨਤ ਅਰਜ਼ੀ ‘ਤੇ ਆਪਣਾ ਫੈਸਲਾ 29 ਅਗਸਤ ਤੱਕ ਰਾਖਵਾਂ ਰੱਖ ਲਿਆ। ਅਦਾਲਤ ‘ਚ ਸੁਣਵਾਈ ਦੌਰਾਨ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ, ਸਿੱਟ ਦੇ ਮੈਂਬਰ ਡੀ.ਐੱਸ.ਪੀ. (ਡੀ) ਬਿਕਰਮਜੀਤ ਸਿੰਘ ਬਰਾੜ ਹਾਜ਼ਰ ਸਨ। ਸੈਣੀ ਦੇ ਵਕੀਲ ਏ.ਪੀ.ਐੱਸ. ਦਿਉਲ ਨੇ ਅਦਾਲਤ ਨੂੰ ਦੱਸਿਆ ਕਿ ਇਹ 29 ਸਾਲ ਪੁਰਾਣਾ ਕੇਸ ਹੈ। ਇਸ ਸਬੰਧੀ ਪਹਿਲਾਂ ਸੀ.ਬੀ.ਆਈ. ਨੇ ਐੱਫ.ਆਈ.ਆਰ. ਦਰਜ ਕੀਤੀ ਪਰ ਕੌਮੀ ਜਾਂਚ ਏਜੰਸੀ ਸੈਣੀ ਦੇ ਖਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੀ। ਜਿਸ ਕਾਰਨ ਸੁਪਰੀਮ ਕੋਰਟ ਨੇ ਐੱਫ.ਆਈ.ਆਰ. ਰੱਦ ਕਰ ਦਿੱਤੀ ਸੀ। ਵੈਸੇ ਵੀ ਮੁਲਤਾਨੀ ‘ਤੇ ਸੈਕਟਰ-17 ਥਾਣੇ ਵਿਚ ਤਸ਼ੱਦਦ ਢਾਹੁਣ ਦੀ ਗੱਲ ਕਹੀ ਹੈ। ਇਸ ਤਰ੍ਹਾਂ ਤਿੰਨ ਦਹਾਕੇ ਪੁਰਾਣੇ ਕੇਸ ‘ਚ ਮੁਹਾਲੀ ਦੇ ਮਟੌਰ ਥਾਣੇ ਵਿਚ ਨਵੇਂ ਸਿਰਿਓਂ ਕੇਸ ਦਰਜ ਕਰਨ ਦੀ ਕੋਈ ਤੁਕ ਨਹੀਂ। ਲਿਹਾਜ਼ਾ ਸਾਬਕਾ ਪੁਲਿਸ ਅਧਿਕਾਰੀ ਨੂੰ ਪੱਕੀ ਜ਼ਮਾਨਤ ਦਿੱਤੀ ਜਾਵੇ। ਸ਼੍ਰੀ ਨਰੂਲਾ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸਾਬਕਾ ਡੀ.ਜੀ.ਪੀ. ‘ਤੇ ਮੁਹਾਲੀ ‘ਚੋਂ ਨੌਜਵਾਨ ਨੂੰ ਘਰੋਂ ਅਗਵਾ ਕਰਨ ਅਤੇ ਬਾਅਦ ‘ਚ ਭੇਤਭਰੀ ਹਾਲਤ ਵਿਚ ਗਾਇਬ ਕਰਨ ਦੇ ਦੋਸ਼ ਹਨ। ਪਿਛਲੇ ਦਿਨੀਂ ਮੁਹਾਲੀ ਅਦਾਲਤ ਦੇ ਹੁਕਮਾਂ ‘ਤੇ ਸੈਣੀ ਤੇ ਹੋਰਨਾਂ ਮੁਲਜ਼ਮਾਂ ਖਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਗਿਆ ਹੈ। ਇਸ ਮਾਮਲੇ ‘ਚ ਸੈਣੀ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਸੁਣਨ ਤੋਂ ਬਾਅਦ ਸੈਣੀ ਨੂੰ ਦੋ ਦਿਨ ਦੀ ਆਰਜ਼ੀ ਰਾਹਤ ਦਿੰਦਿਆਂ ਜ਼ਮਾਨਤ ਬਾਰੇ ਆਪਣਾ ਫੈਸਲਾ 29 ਅਗਸਤ ਤੱਕ ਰਾਖਵਾਂ ਰੱਖ ਲਿਆ।


Share