ਮੁਲਤਾਨੀ ਅਗਵਾ ਮਾਮਲਾ: ਮੁਹਾਲੀ ਅਦਾਲਤ ਵੱਲੋਂ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ

449
Share

ਐੱਸ.ਏ.ਐੱਸ. ਨਗਰ, 2 ਸੰਤਬਰ (ਪੰਜਾਬ ਮੇਲ)-1991 ‘ਚ ਇਕ ਸਾਬਕਾ ਆਈ.ਏ.ਐੱਸ. ਅਧਿਕਾਰੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਆਪਣੇ ਖ਼ਿਲਾਫ਼ ਲਗਾਈ ਕਤਲ ਦੀ ਧਾਰਾ 302 ਸਬੰਧੀ ਅਦਾਲਤ ‘ਚ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਲੋਂ ਆਪਣਾ ਫ਼ੈਸਲਾ ਸੁਣਾਉਂਦਿਆਂ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹੈ। ਅਦਾਲਤ ਵਲੋਂ ਆਪਣੇ ਹੁਕਮਾਂ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਇਹ ਇਕ ਗੰਭੀਰ ਅਪਰਾਧ ਹੈ ਤੇ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ। ਉਧਰ ਜਿਵੇਂ ਹੀ ਅਦਾਲਤੀ ਫ਼ੈਸਲੇ ਦੀ ਕਾਪੀ ਜਾਂਚ ਟੀਮ (ਸਿੱਟ) ਨੂੰ ਮਿਲੀ, ਤਾਂ ਸਿੱਟ ਦੀਆਂ ਵੱਖ-ਵੱਖ ਟੀਮਾਂ ਵਲੋਂ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀ ਵਿਉਂਤਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਜਾਂਚ ਟੀਮ ਚੰਡੀਗੜ੍ਹ ਪੁਲਿਸ ਦੇ ਇਕ ਹੋਰ ਸਾਬਕਾ ਡੀ.ਐੱਸ.ਪੀ. ਨੂੰ ਵੀ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ, ਪ੍ਰੰਤੂ ਇਸ ਸਬੰਧੀ ਕੋਈ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਿਹਾ ਹੈ, ਜਦਕਿ ਇਸ ਸਾਬਕਾ ਡੀ.ਐੱਸ.ਪੀ. ਦਾ ਨਾਂਅ ਇਕ ਗਵਾਹ ਦੇ ਬਿਆਨਾਂ ‘ਚ ਸਪੱਸ਼ਟ ਤੌਰ ‘ਤੇ ਲਿਆ ਗਿਆ ਹੈ।


Share