ਮੁਲਤਾਨੀ ਅਗਵਾ ਕਾਂਡ: ਸੁਮੇਧ ਸੈਣੀ ਦੇ ਵਕੀਲ ਦਾ ਗਲਾ ਖ਼ਰਾਬ ਹੋਣ ਕਾਰਨ ਸੁਣਵਾਈ 14 ‘ਤੇ ਪਈ

117
Share

ਮੁਹਾਲੀ, 9 ਅਕਤੂਬਰ (ਪੰਜਾਬ ਮੇਲ)- ਪੰਜਾਬ ਦੇ ਸੀਨੀਅਰ ਸੇਵਾਮੁਕਤ ਆਈਏਐੱਸ ਅਫ਼ਸਰ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਸੂਬੇ ਦੇ ਬਹੁ-ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ‘ਚ 302, 364 ਸਮੇਤ ਹੋਰ ਸਖ਼ਤ ਧਰਾਵਾਂ ਤਹਿਤ ਦਰਜ ਐੱਫ਼.ਆਈ.ਆਰ. ਨੂੰ ਰੱਦ ਕਰਨ ਦੇ ਮਾਮਲੇ ਦੀ ਸੁਣਵਾਈ ਟਲ ਗਈ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਅੱਜ ਸਾਬਕਾ ਡੀਜੀਪੀ ਦੇ ਵਕੀਲ ਨੇ ਸੁਪਰੀਮ ਕੋਰਟ ‘ਚ ਗਲਾ ਖਰਾਬ ਹੋਣ ਦੀ ਗੱਲ ਕਰਕੇ ਅਦਾਲਤ ਤੋਂ ਸਮਾਂ ਮੰਗਿਆ ਗਿਆ। ਅਦਾਲਤ ਨੇ ਕੇਸ ਦੀ ਸੁਣਵਾਈ 14 ਅਕਤੂਬਰ ‘ਤੇ ਪਾ ਦਿੱਤੀ। ਸੈਣੀ ਨੇ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਉਸ ਦੇ ਖ਼ਿਲਾਫ਼ ਮਟੌਰ ਥਾਣੇ ਵਿਚ ਦਰਜ ਅਪਰਾਧਿਕ ਕੇਸ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਕੇਸ ਦੀ ਸੁਣਵਾਈ ਦੌਰਾਨ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਦਾਖਲ ਨਾ ਕੀਤੇ ਜਾਣ ਕਾਰਨ ਕੇਸ ਦੀ ਸੁਣਵਾਈ 14 ਅਕਤੂਬਰ ‘ਤੇ ਅੱਗੇ ਪਾ ਦਿੱਤੀ ਹੈ।


Share