ਮਿਆਂਮਾਰ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਫੌਜ ਵੱਲੋਂ ਕੀਤੀ ਫਾਈਰਿੰਗ ਦੌਰਾਨ 18 ਲੋਕਾਂ ਦੀ ਮੌਤ; 30 ਤੋਂ ਵੱਧ ਜ਼ਖ਼ਮੀ

94
Share

ਯੰਗੂਨ, 1 ਮਾਰਚ (ਪੰਜਾਬ ਮੇਲ)- ਮਿਆਂਮਾਰ ‘ਚ ਤਖ਼ਤਾ ਪਲਟ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਐਤਵਾਰ ਨੂੰ ਪੁਲਿਸ ਨੇ ਫਾਇਰਿੰਗ ਕੀਤੀ। ਇਸ ‘ਚ 18 ਵਿਅਕਤੀਆਂ ਦੀ ਮੌਤ ਹੋਈ ਹੈ ਤੇ 30 ਤੋਂ ਵੱਧ ਜ਼ਖ਼ਮੀ ਹੋਏ ਹਨ। ਉਧਰ, ਸੰਯੁਕਤ ਰਾਸ਼ਟਰ ‘ਚ ਫ਼ੌਜ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਮਿਆਂਮਾਰ ਦੀ ਰਾਜਦੂਤ ਕਆਵ ਮੋ ਤੁਨ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵ ਭਾਈਚਾਰੇ ਨੂੰ ਫ਼ੌਜੀ ਸਾਸਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਲੋਕਤੰਤਰੀ ਵਿਵਸਥਾ ਨੂੰ ਤੁਰੰਤ ਬਹਾਲ ਕਰਨ ਦੀ ਗੁਹਾਰ ਲਗਾਈ ਸੀ। ਦੱਸਣਯੋਗ ਹੈ ਕਿ ਤਖ਼ਤਾ ਪਲਟ ਤੇ ਦੇਸ਼ ਦੀ ਸਰਬੋਤਮ ਨੇਤਾ ਆਂਗ ਸਾਨ ਸੂ ਨੂੰ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਤੋਂ ਮਿਆਂਮਾਰ ‘ਚ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਨਵੰਬਰ ‘ਚ ਹੋਈਆਂ ਚੋਣਾਂ ‘ਚ ਸੂ ਦੀ ਪਾਰਟੀ ਨੇ ਜ਼ੋਰਦਾਰ ਜਿੱਤ ਦਰਜ ਕੀਤੀ ਸੀ ਪਰ ਫ਼ੌਜ ਨੇ ਧਾਂਦਲੀ ਦੀ ਗੱਲ ਕਹਿੰਦੇ ਹੋਏ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਐਤਵਾਰ ਨੂੰ ਯੰਗੂਨ ਨੇ ਵੱਖ-ਵੱਖ ਹਿੱਸਿਆਂ ‘ਚ ਪ੍ਰਦਰਸ਼ਨ ਕੀਤੇ ਗਏ ਸਨ। ਪਹਿਲਾਂ ਪੁਲਿਸ ਨੇ ਸਟਨ ਗ੍ਨੇਡ, ਹੰਝੂ ਗੈਸ ਦੇ ਗੋਲ਼ੇ ਤੇ ਹਵਾ ‘ਚ ਫਾਇਰਿੰਗ ਕਰ ਕੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਜਿਹਾ ਕਰਨ ‘ਤੇ ਵੀ ਕੋਈ ਪ੍ਰਦਰਸ਼ਨਕਾਰੀ ਟਸ ਤੋਂ ਮਸ ਨਾ ਹੋਇਆ ਤਾਂ ਪੁਲਿਸ ਨੇ ਲੁਕ ਕੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।


Share