ਮਾਲਿਆ ਕੇਸ: ਅਗਲੀ ਪੇਸ਼ੀ 11 ਜੁਲਾਈ ਨੂੰ

ਲੰਡਨ, 27 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿੱਚ ਲੋੜੀਂਦੇ ਉਘੇ ਕਾਰੋਬਾਰੀ ਵਿਜੈ ਮਾਲਿਆ ਵਿਰੁੱਧ ਉਸਦੀ ਹਵਾਲਗੀ ਲਈ ਸੀਬੀਆਈ ਵੱਲੋਂ ਅਦਾਲਤ ਵਿੱਚ ਜਮ੍ਹਾਂ ਕਰਵਾਏ ਸਬੂਤ ਬਰਤਾਨਵੀ ਅਦਾਲਤ ਨੇ ਮਨਜ਼ੂਰ ਕਰ ਲਏ ਹਨ।
ਵਿਜੈ ਮਾਲਿਆ (62) ਜਿਸ ਨੂੰ ਧੋਖਾਧੜੀ ਅਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਲਿਆਉਣ ਲਈ ਵੱਡੇ ਪੱਧਰ ਉੱਤੇ ਯਤਨ ਚੱਲ ਰਹੇ ਹਨ, ਵਿਰੁੱਧ ਵੈਸਟਮਿੰਸਟਰ ਸਥਿਤ ਅਦਾਲਤ ਨੇ 650,000 ਪੌਂਡ ਦੀ ਜ਼ਮਾਨਤ ਮਾਮਲੇ ਦੀ ਸੁਣਵਾਈ ਦੀ ਤਰੀਕ 11 ਜੁਲਾਈ ਤੱਕ ਵਧਾ ਦਿੱਤੀ ਹੈ। ਵੈਸਟਮਿੰਸਟਰ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ ਐਮਾ ਆਰਬੁਟਨੋਟ ਨੇ ਅੱਜ ਸਬੂਤ ਜੁਟਾਉਣ ਦੀ ਵਿਧੀ ਖਤਮ ਹੋਣ ਤੋਂ ਪਹਿਲਾਂ ਦੀ ਸੁਣਵਾਈ ਮੁਕੰਮਲ ਕੀਤੀ। ਹੁਣ ਆਸ ਕੀਤੀ ਜਾਂਦੀ ਹੈ ਕਿ ਅਦਾਲਤ ਅਗਲੀ ਤਰੀਕ ਉੱਤੇ ਫੈਸਲਾ ਦੇ ਸਕਦੀ ਹੈ। ਵਿਜੈ ਮਾਲਿਆ ਅੱਜ ਅਦਾਲਤ ਵਿੱਚ ਹਾਜ਼ਰ ਸੀ। ਸੀਬੀਆਈ ਦੇ ਅਧਿਕਾਰੀਆਂ ਨੂੰ ਉਦੋਂ ਰਾਹਤ ਮਿਲੀ ਜਦੋਂ ਉਨ੍ਹਾਂ ਵੱਲੋਂ ਵੱਡੀ ਮਾਤਰਾ ਵਿੱਚ ਜੁਟਾਏ ਸਬੂਤ ਅਦਾਲਤ ਨੇ ਸਵੀਕਾਰ ਕਰ ਲਏ।
ਪਿਛਲੀ ਤਰੀਕ ਦੌਰਾਨ ਮਾਰਚ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਮੰਗ ਕੀਤੀ ਸੀ ਕਿ ਭਾਰਤ ਸਰਕਾਰ ਆਰਥਰ ਰੋਡ ਉੱਤੇ ਸਥਿਤ ਮੁੰਬਈ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 12 ਵਿੱਚ ਕੁਦਰਤੀ ਰੋਸ਼ਨੀ ਅਤੇ ਮੈਡੀਕਲ ਸਹਾਇਤਾ ਦੇਣ ਦੇ ਸਬੂਤ ਦੇਵੇ।
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣਾ ਮੇਰਾ ਜਮਹੂਰੀ ਹੱਕ: ਮਾਲਿਆ
ਲੰਡਨ: ਕਰਨਾਟਕ ਵਿੱਚੋਂ ਦੋ ਵਾਰ ਰਾਜ ਸਭਾ ਦੇ ਮੈਂਬਰ ਰਹੇ ਵਿਜੈ ਮਾਲਿਆ ਨੇ ਕਿਹਾ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣਾ ਉਸਦਾ ਜਮਹੂਰੀ ਅਧਿਕਾਰ ਹੈ ਪਰ ਉਹ ਵੋਟ ਪਾਉਣ ਭਾਰਤ ਨਹੀ ਆ ਸਕਦਾ ਕਿਉਂਕਿ ਉਸਨੂੰ ਆਪਣੀ ਗ੍ਰਿਫ਼ਤਾਰੀ ਦਾ ਡਰ ਹੈ। ਉਹ ਮਾਰਚ 2016 ਤੋਂ ਬਰਤਾਨੀਆ ਵਿੱਚ ਹੈ।