ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ‘ਤੇ ਵਿਸ਼ੇਸ਼ ਸਮਾਗਮ ਹੋਏ

ਫਰਿਜ਼ਨੋ, 9 ਮਈ (ਕੁਲਵੰਤ ਧਾਲੀਆਂ/ਪੰਜਾਬ ਮੇਲ)- ‘ਗੁਰਦੁਆਰਾ ਸਿੰਘ ਸਭਾ’ ਫਰਿਜ਼ਨੋ ਵਿਖੇ ਇਲਾਕੇ ਦੀ ਸਮੂਹ ਸੰਗਤ ਨੇ ਹਰ ਸਾਲ ਦੀ ਤਰ੍ਹਾਂ ਅਠਾਰਵੀ ਸਦੀ ਦੇ ਮਹਾਨ ਜਰਨੈਲ ਸਿੱਖ ਆਗੂ ਅਤੇ ਰਾਮਗੜ੍ਹੀਆ ਮਿਸਲ ਦੇ ਸੰਸਥਾਪਕ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਮਨਾਇਆ। ਇਸ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਸਮਾਗਮ ਹੋਏ। ਜਿਨ੍ਹਾਂ ਵਿਚ ਗੁਰੂਘਰ ਦੇ ਮੁੱਖ ਭਾਈ ਸਰਬਜੀਤ ਸਿੰਘ ਦੇ ਕੀਰਤਨੀ ਜੱਥੇ ਨੇ ਹਾਜ਼ਰੀ ਭਰੀ। ਉਪਰੰਤ ਪ੍ਰਸਿੱਧ ਕਥਾਵਾਚਕ ਭਾਈ ਮਲਕੀਤ ਸਿੰਘ ਕਰਨਾਲ ਵਾਲਿਆਂ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਜ਼ਿੰਦਗੀ ਅਤੇ ਸਿੱਖ ਧਰਮ ਨੂੰ ਦੇਣ ਪ੍ਰਤੀ ਵਿਚਾਰਾਂ ਸਾਂਝੀਆਂ ਕੀਤੀਆਂ। ਜਦਕਿ ਸ. ਗੁਰਪ੍ਰੀਤ ਸਿੰਘ ਮਾਨ ਨੇ ਬੋਲਦੇ ਹੋਏ ਮਹਾਰਾਜਾ ਜੱਸਾ ਸਿੰਘ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲਾ ਮਹਾਨ ਜਰਨੈਲ ਐਲਾਨਿਆ। ਇਸੇ ਸਮੇਂ ਬੀਬੀ ਕੁਲਵੰਤ ਕੌਰ ਨੇ ਧਾਰਮਿਕ ਗੀਤ ਗਾਏ। ਮਿੰਨੀ ਕੌਰ ਹੰਸਪਾਲ ਨੇ ਰਾਮਗੜ੍ਹੀਆ ਮਿਸਲ ਬਾਰੇ ਇਤਿਹਾਸਕਤਾ ਦੀ ਗੱਲ ਕੀਤੀ। ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੇ ਅੰਤ ਵਿਚ ਸ. ਰੇਸ਼ਮ ਸਿੰਘ ਧੰਜਨ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।