ਮਹਾਦੋਸ਼ ਤੋਂ ਬਰੀ ਹੋਣ ਬਾਅਦ ਵੀ ਟਰੰਪ ਨੂੰ ਕਰਨਾ ਪੈ ਸਕਦੈ ਅਦਾਲਤੀ ਕਾਰਵਾਈ ਦਾ ਸਾਹਮਣਾ

152
Share

-ਕੈਪੀਟਲ ਹਿੰਸਾ ਮਾਮਲੇ ਦੀ ਜਾਂਚ ਕਰਾਉਣ ਦੀ ਬਣਾਈ ਗਈ ਯੋਜਨਾ
ਵਾਸ਼ਿੰਗਟਨ, 15 ਫਰਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਵੇਂ ਦੂਜੀ ਵਾਰ ਮਹਾਦੋਸ਼ ਤੋਂ ਬਰੀ ਹੋ ਗਏ ਹਨ ਪਰ ਉਨ੍ਹਾਂ ਨੂੰ ਕੈਪੀਟਲ ਇਮਾਰਤ (ਸੰਸਦ ਭਵਨ) ’ਤੇ ਹਮਲੇ ਦੇ ਮਾਮਲੇ ’ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਪੈ ਸਕਦਾ ਹੈ। ਟਰੰਪ ਹੁਣ ਇਕ ਆਮ ਨਾਗਰਿਕ ਹਨ। ਇਸ ਲਈ ਉਨ੍ਹਾਂ ਕੋਲ ਕਾਨੂੰਨੀ ਸੁਰੱਖਿਆ ਨਹੀਂ ਹੈ, ਜੋ ਰਾਸ਼ਟਰਪਤੀ ਦੌਰਾਨ ਉਨ੍ਹਾਂ ਨੂੰ ਮਿਲੀ ਸੀ। ਇਸ ਤੋਂ ਟਰੰਪ ਦੇ ਪੱਖ ਵਿਚ ਵੋਟਾਂ ਪਾਉਣ ਵਾਲੇ ਰਿਪਬਲਿਕ ਪਾਰਟੀ ਦੇ ਸੈਨੇਟਰ ਵੀ ਵਾਕਫ਼ ਹਨ। ਕੈਪੀਟਲ ਹਿੰਸਾ ਮਾਮਲੇ ’ਚ ਟਰੰਪ ਨੂੰ ਆਉਣ ਵਾਲੇ ਮਹੀਨਿਆਂ ਵਿਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਦੰਗਾ ਭੜਕਾਉਣ ਦੇ ਮਾਮਲੇ ’ਚ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ਦੇ ਆਸਾਰ ਨਹੀਂ ਹਨ।
ਹੁਣ ਦੋਵੇਂ ਪਾਰਟੀਆਂ ਕੈਪੀਟਲ ਹਿੰਸਾ ਮਾਮਲੇ ਦੀ ਜਾਂਚ ਉਸੇ ਤਰ੍ਹਾਂ ਆਜ਼ਾਦ ਕਮਿਸ਼ਨ ਤੋਂ ਕਰਾਉਣ ਦੇ ਸਮਰਥਨ ’ਚ ਆ ਗਈਆਂ ਹਨ, ਜਿਸ ਤਰ੍ਹਾਂ 11 ਸਤੰਬਰ ਨੂੰ ਹੋਏ ਹਮਲੇ ਦੀ ਜਾਂਚ ਕੀਤੀ ਗਈ ਸੀ। ਦੰਗਾ ਮਾਮਲੇ ਦੀ ਜਾਂਚ ਕਰਾਉਣ ਦੀ ਯੋਜਨਾ ਬਣਾਈ ਗਈ ਹੈ, ਇਸ ਸਬੰਧ ਵਿਚ ਸੈਨੇਟ ਦੀ ‘ਸੈਨੇਟ ਰੂਲਜ਼ ਕਮੇਟੀ’ ਵਿਚ ਇਸੇ ਮਹੀਨੇ ਦੀ ਅਖੀਰ ਵਿਚ ਸੁਣਵਾਈ ਹੋਣੀ ਹੈ।

Share