ਮਲੋਟ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ

492
Share

ਮਲੋਟ, 19 ਜੂਨ (ਪੰਜਾਬ ਮੇਲ)-  ਮਲੋਟ ਸ਼ਹਿਰ ਅੰਦਰ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਮਲੋਟ ਦੇ ਇਕ 22 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਮੌਤ ਦਾ ਕਾਰਣ ਹਾਦਸਾ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸਹਿਕਾਰੀ ਵਿਭਾਗ ਵਿਚ ਅਡੀਟਰ ਅਤੇ ਮਲੋਟ ਸ਼ਹਿਰ ਅੰਦਰ ਸਮੂਹ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਕੇ. ਸੀ. ਸਕੂਲ ਦੇ ਵਾਈਸ ਪ੍ਰਿੰਸੀਪਲ ਸੁਨੀਤਾ ਅਸੀਜਾ ਦਾ 22 ਸਾਲਾ ਲੜਕਾ ਸਿਧਾਰਥ ਅਸੀਜਾ ਪਿਛਲੇ ਤਿੰਨ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਅਤੇ ਅਤੇ ਕੈਨਾਡੋਰ ਕਾਲਜ ਟੋਰਾਂਟੋ ਤੋਂ ਬਿਜਨਸ ਨਾਲ ਸਬੰਧਤ ਪੜਾਈ ਪੂਰੀ ਕਰਨ ਤੋਂ ਬਾਅਦ ਅੱਜ ਕੱਲ ਨੋਵਾਸਕੋਸ਼ੀਆਂ ਸਟੇਟ ਵਿਚ ਰਹਿ ਰਿਹਾ ਸੀ।

ਦੋ ਦਿਨ ਪਹਿਲਾਂ ਆਪਣੇ ਦੋ ਹੋਰ ਦੋਸਤਾਂ ਨਾਲ ਉਹ ਘੁੰਮਣ ਗਿਆ ਸੀ ਕਿ ਲੇਕ ਵਿਚ ਤਿੰਨਾਂ ਦਾ ਪੈਰ ਫਿਸਲ ਗਿਆ। ਉਸ ਦੇ ਸਾਥੀ ਦੋਨੇ ਲੜਕੇ ਤਾਂ ਨਜ਼ਦੀਕ ਹੋਣ ਕਰ ਕੇ ਬਾਹਰ ਕੱਢ ਲਏ ਪਰ ਸਿਧਾਰਥ ਨੂੰ ਕਰੀਬ 12 –13 ਮਿੰਟ ਪਿਛੋਂ ਪਾਣੀ ਵਿਚੋਂ ਕੱਢਿਆ ਜਿਸ ਨਾਲ ਉਸਦੀ ਹਾਲਤ ਖਰਾਬ ਹੋ ਗਈ ਅਤੇ ਐਲੀਡਕਸ ਸ਼ਹਿਰ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਜਿਥੇ ਅੱਜ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਅੱਜ ਖਬਰ ਸ਼ਹਿਰ ਵਿਚ ਮਿਲਣ ਸਾਰ ਹੀ ਸੋਗ ਦਾ ਮਾਹੌਲ ਬਣ ਗਿਆ। ਉਧਰ ਪਰਿਵਾਰ ਵਲੋਂ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਹੋਇਆ ਹੈ ਇਸ ਲਈ ਸੰਭਾਵਨਾ ਹੈ ਕਿ ਕਰੀਬ 3 ਦਿਨਾਂ ਬਾਅਦ ਉਸਦਾ ਮ੍ਰਿਤਕ ਸਰੀਰ ਮਲੋਟ ਪੁੱਜ ਜਾਵੇਗਾ ਜਿਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


Share