ਮਰਹੂਮ ਰਿਸ਼ੀ ਕਪੂਰ ਦੇ ਪਿਸ਼ਾਵਰ ਸਥਿਤ ‘ਕਪੂਰ ਹਵੇਲੀ’ ਨੂੰ ਢਹਿ-ਢੇਰੀ ਕੀਤੇ ਜਾਣ ਦਾ ਖਤਰਾ

440
Share

-ਮੌਜੂਦਾ ਮਾਲਕ ਹਵੇਲੀ ਨੂੰ ਵਪਾਰਕ ਕੰਪਲੈਕਸ ‘ਚ ਕਰਨਾ ਚਾਹੁੰਦਾ ਹੈ ਤਬਦੀਲ
ਪਿਸ਼ਾਵਰ, 15 ਜੁਲਾਈ (ਪੰਜਾਬ ਮੇਲ)- ਮਰਹੂਮ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੇ ਪਿਸ਼ਾਵਰ ਸਥਿਤ ਇਤਿਹਾਸਕ ਜੱਦੀ ਘਰ ‘ਕਪੂਰ ਹਵੇਲੀ’ ਨੂੰ ਢਹਿ-ਢੇਰੀ ਕੀਤੇ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਘਰ ਦਾ ਮੌਜੂਦਾ ਮਾਲਕ ਉੱਥੇ ਇਕ ਵਪਾਰਕ ਕੰਪਲੈਕਸ ਉਸਾਰਨਾ ਚਾਹੁੰਦਾ ਹੈ। ਸੰਨ 2018 ‘ਚ ਪਿਸ਼ਾਵਰ (ਖ਼ੈਬਰ ਪਖ਼ਤੂਨਖ਼ਵਾ) ਦੇ ਕਿੱਸਾ ਖ਼ਵਾਨੀ ਬਾਜ਼ਾਰ ‘ਚ ਸਥਿਤ ਇਸ ਹਵੇਲੀ ਨੂੰ ਪਾਕਿਸਤਾਨ ਸਰਕਾਰ ਨੇ ਅਜਾਇਬ ਘਰ ‘ਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਸੀ। ਰਿਸ਼ੀ ਨੇ ਪਾਕਿ ਸਰਕਾਰ ਨੂੰ ਇਸ ਬਾਰੇ ਅਪੀਲ ਕੀਤੀ ਸੀ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਰਿਸ਼ੀ ਕਪੂਰ ਨੂੰ ਭਰੋਸਾ ਦਿਵਾਇਆ ਸੀ ਕਿ ਸਰਕਾਰ ਇਸ ਨੂੰ ਅਜਾਇਬ ਘਰ ‘ਚ ਬਦਲੇਗੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹਵੇਲੀ ਭੂਤੀਆ ਇਮਾਰਤ ਵਿਚ ਤਬਦੀਲ ਹੋ ਚੁੱਕੀ ਹੈ। ਇਮਾਰਤ ਦੀ ਹਾਲਤ ਖ਼ਸਤਾ ਹੈ ਤੇ ਇਹ ਕਿਸੇ ਵੇਲੇ ਵੀ ਢਹਿ ਸਕਦੀ ਹੈ। ਹਵੇਲੀ ਦਾ ਮਾਲਕ ਪਿਸ਼ਾਵਰ ਦਾ ਅਮੀਰ ਗਹਿਣਾ ਵਪਾਰੀ ਹਾਜੀ ਮੁਹੰਮਦ ਇਸਰਾਰ ਹੈ। ਸੂਬਾ ਸਰਕਾਰ ਹਵੇਲੀ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਇਸ ਨੂੰ ਖ਼ਰੀਦ ਕੇ ਇਸ ਦਾ ਪੁਰਾਣਾ ਰੂਪ ਬਹਾਲ ਕਰਨਾ ਚਾਹੁੰਦੀ ਹੈ, ਤਾਂ ਕਿ ਸੈਲਾਨੀਆਂ ਨੂੰ ਖਿੱਚਿਆ ਜਾ ਸਕੇ। ਮਾਲਕ ਪਹਿਲਾਂ ਵੀ ਇਸ ਨੂੰ ਢਹਿ-ਢੇਰੀ ਕਰਨ ਦਾ ਯਤਨ ਕਰ ਚੁੱਕਾ ਹੈ, ਪਰ ਸੂਬੇ ਦੇ ਵਿਰਾਸਤਾਂ ਬਾਰੇ ਵਿਭਾਗ ਵੱਲੋਂ ਕੇਸ ਦਰਜ ਕਰਵਾਏ ਜਾਣ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ ਸੀ। ਕੁਝ ਰਿਪੋਰਟਾਂ ਮੁਤਾਬਕ ਮਾਲਕ ਤੇ ਸੂਬਾ ਸਰਕਾਰ ਵਿਚਾਲੇ ਇਸ ਦੀ ਕੀਮਤ ਬਾਰੇ ਸਹਿਮਤੀ ਨਹੀਂ ਬਣ ਸਕੀ ਹੈ। ਹਾਲਾਂਕਿ ਇਸਰਾਰ ਨੇ ਇਸ ਤੋਂ ਇਨਕਾਰ ਕੀਤਾ ਹੈ। ‘ਕਪੂਰ ਹਵੇਲੀ’ ਦੀ ਉਸਾਰੀ ਬਾਲੀਵੁੱਡ ਦੇ ਸੰਸਥਾਪਕ ਮੰਨੇ ਜਾਂਦੇ ਪ੍ਰਿਥਵੀਰਾਜ ਕਪੂਰ ਦੇ ਪਿਤਾ ਬਸ਼ੇਸਵਰਨਾਥ ਕਪੂਰ ਨੇ ਕੀਤੀ ਸੀ। ਪ੍ਰਿਥਵੀਰਾਜ ਦੇ ਪੋਤਰਿਆਂ ਰਿਸ਼ੀ ਤੇ ਰਣਧੀਰ ਕਪੂਰ ਨੇ 1990 ‘ਚ ਹਵੇਲੀ ਦਾ ਦੌਰਾ ਵੀ ਕੀਤਾ ਸੀ।


Share