ਮਨਦੀਪ ਪੂਨੀਆ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁਲਿਸ ਦਮਨ ਖਿਲਾਫ ਰੋਸ ਪ੍ਰਦਰਸ਼ਨ

77
Share

ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਸਿੰਘੂ ਬਾਰਡਰ ਉਪਰ ਵੀਡੀਓ ਬਣਾ ਰਹੇ ਫਰੀਲਾਂਸਰ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਜਾਣ ਮਗਰੋਂ ਦਿੱਲੀ ਪੁਲਿਸ ਦੇ ਹੈੱਡਕੁਆਟਰ ਅੱਗੇ ਪੱਤਰਕਾਰਾਂ ਨੇ ਪੁਲਿਸ ਦਮਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੱਤਰਕਾਰ ਮਨਦੀਪ ਪੂਨੀਆ ਖ਼ਿਲਾਫ਼ ਪੁਲਿਸ ਨਾਲ ਬਦਤਮੀਜ਼ੀ ਦੇ ਕਥਿਤ ਦੋਸ਼ ਲਾਏ ਗਏ ਹਨ ਅਤੇ ਉਸ ਖ਼ਿਲਾਫ਼ ਧਾਰਾ 186 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਜੇਲ੍ਹ ਕੋਰਟ ਰੂਮ ਵਿਚ ਪੇਸ਼ ਕੀਤਾ ਗਿਆ, ਜਿਥੋਂ 14 ਦਿਨਾਂ ਲਈ ਉਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਉਸ ਦੀ ਜ਼ਮਾਨਤ ’ਤੇ ਸੁਣਵਾਈ ਕੀਤੀ ਜਾਵੇਗੀ। ਉਸ ਦੇ ਨਾਲ ਹੀ ਸਿੰਘੂ ਤੋਂ ਹਿਰਾਸਤ ’ਚ ਲਏ ਗਏ ਪੱਤਰਕਾਰ ਧਰਮਿੰਦਰ ਸਿੰਘ ਨੂੰ ਹਲਫ਼ੀਆ ਬਿਆਨ ਦੇਣ ਮਗਰੋਂ ਛੱਡ ਦਿੱਤਾ ਗਿਆ।
ਪੱਤਰਕਾਰ ਦਿੱਲੀ ਪੁਲਿਸ ਦੇ ਨਵੇਂ ਹੈੱਡਕੁਆਰਟਰ ਅੱਗੇ ਇਕੱਠੇ ਹੋਏ ਅਤੇ ਪੁਲਿਸ ਦਮਨ ਦੀ ਨਿੰਦਾ ਕੀਤੀ। ਪੱਤਰਕਾਰਾਂ ਨੇ ਕਿਹਾ ਕਿ ਪੁਲਿਸ ਦੀ ਜ਼ਿਆਦਤੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰ ਖ਼ਿਲਾਫ਼ ਮਾਮਲਾ ਰੱਦ ਕਰਕੇ ਉਸ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕਰੋਨਾ ਮਹਾਮਾਰੀ ਦਾ ਹਵਾਲਾ ਦੇ ਕੇ ਹੈੱਡਕੁਆਰਟਰ ਨੇੜਿਉਂ ਹੱਟ ਜਾਣ ਲਈ ਕਿਹਾ ਪਰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਚੋਣ ਰੈਲੀ ਕਰ ਸਕਦੇ ਹਨ, ਤਾਂ ਪੱਤਰਕਾਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ। ਪੱਤਰਕਾਰ ਮਨਦੀਪ ਪੂਨੀਆ ਦੀ ਗਿ੍ਰਫ਼ਤਾਰੀ ਦੀ ਇੰਡੀਅਨ ਵਿਮੈੱਨ ਪ੍ਰੈੱਸ ਕੋਰ, ਪ੍ਰੈੱਸ ਕਲੱਬ ਆਫ਼ ਇੰਡੀਆ ਅਤੇ ਪ੍ਰੈੱਸ ਐਸੋਸੀਏਸ਼ਨ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੱਤਰਕਾਰਾਂ ਨੂੰ ਗਿ੍ਰਫ਼ਤਾਰ ਕਰਕੇ ਮੀਡੀਆ ਦੇ ਨਿਰਪੱਖ ਰਿਪੋਰਟਿੰਗ ਦੇ ਹੱਕ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ’ਤੇ ਡਾਕਾ ਮਾਰਿਆ ਜਾ ਰਿਹਾ ਹੈ।

Share