ਮਨਟੀਕਾ ਵਿਖੇ 71 ਸਾਲਾ ਪੰਜਾਬੀ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ

ਮਨਟੀਕਾ, 8 ਅਗਸਤ (ਪੰਜਾਬ ਮੇਲ)- ਸਥਾਨਕ ਗਰੇਅ ਸਟੋਨ ਪਾਰਕ ਦੇ ਨਜ਼ਦੀਕ ਇਕ 71 ਸਾਲਾ ਪੰਜਾਬੀ ਬਜ਼ੁਰਗ ਸਾਹਿਬ ਸਿੰਘ ਨੱਤ ਦੀ 2 ਅਮਰੀਕੀਆਂ ਵੱਲੋਂ ਜ਼ਬਰਦਸਤ ਕੁੱਟਮਾਰ ਕੀਤੀ ਗਈ। ਇਸ ਘਟਨਾ ਦੌਰਾਨ ਸਾਹਿਬ ਸਿੰਘ ਨੱਤ ਜ਼ਮੀਨ ‘ਤੇ ਡਿੱਗ ਗਏ ਅਤੇ ਉਨ੍ਹਾਂ ਨੂੰ ਕਾਫੀ ਗੁੱਝੀਆਂ ਸੱਟਾਂ ਲੱਗੀਆਂ। ਹਮਲਾਵਰਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਸਾਹਿਬ ਸਿੰਘ ਨੱਤ ਉਪਰ ਥੁੱਕ ਵੀ ਦਿੱਤਾ। ਇਹ ਸਾਰੀ ਘਟਨਾ ਇਕ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਰਿਕਾਰਡ ਹੋ ਗਈ। ਦੋਵਾਂ ਹਮਲਾਵਰਾਂ ਦੀ ਉਮਰ 20 ਸਾਲ ਦੇ ਕਰੀਬ ਸੀ। ਉਨ੍ਹਾਂ ਵਿਚੋਂ 1 ਕਾਲੇ ਰੰਗ ਦਾ ਸੀ ਅਤੇ ਇਕ ਥੋੜਾ ਹਲਕੇ ਕਾਲੇ ਰੰਗ ਦਾ ਸੀ। ਇਨ੍ਹਾਂ ਦੋਵਾਂ ਨੇ ਸਾਹਿਬ ਸਿੰਘ ਨੱਤ ਨੂੰ ਬੰਦੂਕ ਵੀ ਦਿਖਾਈ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਥਾਨਕ ਲੋਕਾਂ ਨੇ ਫਲਾਇਰ ਛਪਵਾ ਕੇ ਘਰ-ਘਰ ਵੰਡੇ ਅਤੇ ਇਲਾਕੇ ‘ਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਘਟਨਾ ਸੰਬੰਧੀ ਮਨਜੀਤ ਸਿੰਘ ਵਿਰਕ ਨੇ ਪੰਜਾਬ ਮੇਲ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਪੈਸਿਆਂ ਦੀ ਮੰਗ ਕੀਤੀ ਅਤੇ ਬਾਅਦ ਵਿਚ ਉਨ੍ਹਾਂ ‘ਤੇ ਥੁੱਕ ਗਏ, ਜਿਸ ਤੋਂ ਸਾਬਤ ਹੁੰਦਾ ਸੀ ਕਿ ਇਹ ਇਕ ਨਸਲੀ ਹਮਲਾ ਵੀ ਸੀ। ਮਨਟੀਕਾ ਪੁਲਿਸ ਇਸ ਸੰਬੰਧੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਹਮਲਾਵਰਾਂ ਵਿਚੋਂ ਇਕ ਦੀ ਪਹਿਚਾਣ ਹੋ ਚੁੱਕੀ ਸੀ। ਮੰਗਲਵਾਰ ਸ਼ਾਮ ਨੂੰ ਭਾਰੀ ਗਿਣਤੀ ਵਿਚ ਸਿੱਖ ਭਾਈਚਾਰਾ ਮਨਟੀਕਾ ਵਿਖੇ ਇਕੱਤਰ ਹੋਇਆ, ਜਿੱਥੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਅਮਰੀਕੀ ਅਧਿਕਾਰੀ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ।