ਮਨਟੀਕਾ ਨਿਵਾਸੀ ਜਗਰੂਪ ਸਿੰਘ ਦੇਹਲ ਦਾ ਕਰੋਨਾ ਦੀ ਲਪੇਟ ‘ਚ ਆਉਣ ਕਾਰਨ ਦਿਹਾਂਤ

95
Share

ਮਨਟੀਕਾ, 23 ਸਤੰਬਰ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)- ਮਨਟੀਕਾ ਨਿਵਾਸੀ ਦੇਹਲ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਪਰਿਵਾਰ ਦਾ ਮੋਢੀ ਜਗਰੂਪ ਸਿੰਘ ਦੇਹਲ 49 ਸਾਲ ਦੀ ਉਮਰੇ ਕੋਵਿਡ-19 ਨਾਲ ਜੂਝਦਿਆਂ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਬਿਰਾਜੇ। ਜਗਰੂਪ ਸਿੰਘ ਦੇਹਲ ਦਾ ਜਨਮ ਫ਼ਰਵਰੀ 1971 ‘ਚ ਪੰਜਾਬ ਦੇ ਪਿੰਡ ਪਾਸਲਾ, ਜ਼ਿਲਾ ਜਲੰਧਰ ਵਿਚ ਸਵਰਗਵਾਸੀ ਸਰਦਾਰ ਸੋਹਣ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ। ਜਗਰੂਪ ਸਿੰਘ ਦੋ ਭੈਣਾਂ ਸਰਬਜੀਤ ਕੌਰ ਤੇ ਕਮਲਜੀਤ ਕੌਰ ਦਾ ਇੱਕਲੌਤਾ ਭਾਈ ਸੀ । ਜਗਰੂਪ ਸਿੰਘ ਦੇਹਲ ਲਗਭਗ 21 ਸਾਲ ਦੀ ਉੱਮਰ ਵਿਚ ਆਪਣੇ ਅਤੇ ਪਰਿਵਾਰ ਦੇ ਉੱਜਲੇ ਭਵਿੱਖ ਦੀ ਆਸ ਨਾਲ 1992 ‘ਚ ਅਮਰੀਕਾ ਆਇਆ ਸੀ ਅਤੇ ਇੱਥੇ ਕੈਲੀਫੋਰਨੀਆ ਦੇ ਬੇਏਰੀਏ ਵਿਚ ਟੈਕਸੀ ਚਲਾਉਣੀ ਸ਼ੁਰੂ ਕੀਤੀ।
ਢਾਡੀ ਜੰਗੀਰ ਸਿੰਘ ਮਸਤ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਅੰਮ੍ਰਿਤਧਾਰੀ ਹੋ ਗਿਆ। ਇਸੇ ਦੌਰਾਨ ਉਸਦਾ ਦਾ ਮੇਲ ਸ. ਸੁਖਮਿੰਦਰ ਸਿੰਘ ਮਾਂਗਟ ਹੋਰਾਂ ਨਾਲ ਹੋਇਆ ਅਤੇ 1995 ‘ਚ ਕਮਰਸ਼ੀਅਲ ਲਾਇਸੰਸ ਲੈ ਕੇ ਟਰੱਕ ਚਲਾਉਣਾ ਸ਼ੁਰੂ ਕੀਤਾ ਤੇ ਲਗਾਤਾਰ ਹੁਣ ਤੱਕ ਟਰੱਕ ਬਿਜ਼ਨਸ ਵਿਚ ਹੀ ਰਿਹਾ।1996 ‘ਚ ਜਗਰੂਪ ਸਿੰਘ ਦਾ ਵਿਆਹ ਬੀਬੀ ਜਤਿੰਦਰ ਕੌਰ ਨਾਲ ਹੋਇਆ, ਅਤੇ ਦੋ ਮੁੰਡਿਆਂ ਦੀ ਦਾਤ ਵਾਹਿਗੁਰੂ ਨੇ ਬਖ਼ਸ਼ੀ ਤੇ ਜ਼ਿੰਦਗੀ ਪਰਿਵਾਰਕ ਰੂਪ ਵਿਚ ਸ਼ੁਰੂ ਹੋ ਗਈ ਅਤੇ ਸੰਨ 2001 ‘ਚ ਮਨਟੀਕਾ, ਕੈਲੀਫੋਰਨੀਆ ਵਿਚ ਬਹੁਤ ਸੁੰਦਰ ਘਰ ਖ਼ਰੀਦਿਆ ਤੇ ਬੜੀ ਖ਼ੁਸ਼ੀ ਤੇ ਆਸ ਨਾਲ ਬੇਏਰੀਏ ਦੇ ਹੈਵਰਡ ਸ਼ਹਿਰ ਤੋਂ ਮਨਟੀਕਾ ਆ ਕੇ ਆਪਣੇ ਨਵੇਂ ਘਰੇ ਰਹਿਣਾ ਸ਼ੁਰੂ ਕੀਤਾ। ਢਾਡੀ ਜੰਗੀਰ ਸਿੰਘ ਮਸਤ ਦੇ ਸੰਪਰਕ ਵਿਚ ਆਉਣ ਉਪਰੰਤ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ, ਜ਼ਿੰਦਗੀ ਮਸਤ ਚਾਲ ਚੱਲ ਰਹੀ ਸੀ ਕਿ ਪਰਿਵਾਰ ‘ਤੇ ਅਚਾਨਕ ਕਹਿਰ ਦਾ ਪਹਾੜ ਡਿੱਗਿਆ, ਜਿਸ ਨੇ ਸਮੁੱਚੇ ਭਾਈਚਾਰੇ ਨੂੰ ਸੁੰਨ ਕਰ ਦਿੱਤਾ।
ਇਸ ਹੱਸਦੇ-ਵਸਦੇ ਮਿਹਨਤੀ ਪਰਿਵਾਰ ਦੇ ਮੁਖੀ ਜਗਰੂਪ ਸਿੰਘ ਦੇਹਲ ਨੂੰ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੇ ਅਜਿਹਾ ਘੇਰ ਲਿਆ ਕਿ ਉਹ ਸਦਾ ਲਈ ਅਲਵਿਦਾ ਆਖ ਗਿਆ। ਜਗਰੂਪ ਸਿੰਘ ਦੇਹਲ ਨੂੰ ਲਗਭਗ ਮਹੀਨਾ ਡਾਕਟਰਜ਼ ਹਸਪਤਾਲ ਮਨਟੀਕਾ ਵਿਚ ਰੱਖ ਕਿ ਇਲਾਜ ਕੀਤਾ ਗਿਆ, ਜਿੱਥੇ ਉਹ ਪੂਰੀ ਹੋਸ਼-ਹਵਾਸ ਵਿਚ ਸੀ ਪਰ ਅਚਾਨਕ ਪਿਛਲੇ ਹਫ਼ਤੇ ਫੇਫੜਿਆਂ ਵਿਚ ਨੁਕਸ ਪੈ ਜਾਣ ‘ਤੇ ਯੂ.ਸੀ. ਸਾਨ ਫਰਾਂਸਿਸਕੋ ਸ਼ਿਫ਼ਟ ਕੀਤਾ ਗਿਆ, ਜਿੱਥੇ ਉਨ੍ਹਾਂ ਫੇਫੜਿਆਂ ਵਿਚ ਇੰਨਫੈਕਸ਼ਨ ਹੋਣ ਕਰਕੇ ਇਲਾਜ ਚੱਲ ਰਿਹਾ ਸੀ, ਪਰ ਇਸ ਤੋ ਪਹਿਲਾ ਟੈਸਟ ਹੋਣੇ ਜ਼ਰੂਰੀ ਸਨ, ਜੋ ਕੀਤੇ ਤੇ ਸਹੀ ਹੋਏ, ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਸਰਜਰੀ ਤੋ ਪਹਿਲਾ ਹੀ ਹੱਸਮੁੱਖ, ਗੁਰਸਿੱਖ ਨੌਜਵਾਨ ਨੂੰ ਸਟਰੋਕ ਹੋ ਗਿਆ ਤੇ ਦਿਮਾਗ ਵਿਚ ਖ਼ੂਨ ਪੈਣ ਨਾਲ ਜ਼ਿੰਦਗੀ ਮੌਤ ਦੀ ਲੜਾਈ ਵਿਚ ਮੌਤ ਮੂਹਰੇ ਹਾਰ ਗਿਆ। ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਇਸ ਮਾੜੇ ਸਮੇਂ ਵਿਚੋਂ ਨਿਕਲਣ ਦੀ ਹਿੰਮਤ ਤੇ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਜਗਰੂਪ ਸਿੰਘ ਦੇਹਲ ਦੀ ਦੇਹ ਦੇ ਅੰਤਿਮ ਸਸਕਾਰ Park View Cemetery & Funeral Home 3661 French camp rd Manteca ca 95336 ਵਿਖੇ ਆਉਣ ਵਾਲੇ 27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਤੋਂ 12 ਵਜੇ ਕੀਤਾ ਜਾਵੇਗਾ ਅਤੇ ਵਿਛੜੀ ਰੂਹ ਲਈ ਧੁਰ ਕੀ ਬਾਣੀ ਦੇ ਪਾਠਾਂ ਦੇ ਭੋਗ ਤੇ ਅਰਦਾਸ ਸ਼ਾਮੀਂ 2 ਵਜੇ ਗੁਰਦਵਾਰਾ ਸਾਹਿਬ ਸਟਾਕਟਨ 1930 S Sikh Temple St, Stockton, CA 95206 ਵਿਖੇ ਹੋਵੇਗੀ।
ਹੋਰ ਜਾਣਕਾਰੀ ਲਈ ਜਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗੁਲਭਿੰਦਰ ਸਿੰਘ ਭਿੰਦਾ : 209-487-3699, ਸੁਖਮਿੰਦਰ ਸਿੰਘ ਮਾਂਗਟ 209-456-2000 ਅਤੇ ਹਰਮਿੰਦਰ ਸਿੰਘ ਸਮਾਣਾ 209-481-7750 ਨਾਲ ਸੰਪਰਕ ਕੀਤਾ ਜਾ ਸਕਦਾ ਹੈ।


Share