ਭਾਰਤ-ਸ੍ਰੀਲੰਕਾ ਤੀਜਾ ਕਿ੍ਕਟ ਟੈਸਟ ਅੱਜ ਤੋਂ

ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਜੇਤੂ ਰਥ ’ਤੇ ਸਵਾਰ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਭਲਕ ਤੋਂ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਸ੍ਰੀਲੰਕਾ ਖ਼ਿਲਾਫ਼ ਸ਼ੁਰੂ ਹੋ ਰਹੇ ਤੀਜੇ ਅਤੇ ਅੰਤਿਮ ਕਿ੍ਕਟ ਟੈਸਟ ਵਿੱਚ ਲਗਾਤਾਰ ਨੌਵੀਂ ਲੜੀ ਜਿੱਤ ਕੇ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰੇਗੀ। ਨਾਗਪੁਰ ਵਿੱਚ ਦੂਜੇ ਟੈਸਟ ਮੈਚ ਵਿੱਚ ਪਾਰੀ ਅਤੇ 239 ਦੌੜਾਂ ਦੀ ਜਿੱਤ ਨਾਲ ਮੌਜੂਦਾ ਲੜੀ ਵਿੱਚ 1-0 ਨਾਲ ਅੱਗੇ ਚਲ ਰਹੀ ਭਾਰਤੀ ਟੀਮ ਨੇ ਕੋਹਲੀ ਦੀ ਅਗਵਾਈ ਵਿੱਚ ਪਿਛਲੀਆਂ ਅੱਠ ਲੜੀਆਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਜੇ ਟੀਮ ਕੱਲ੍ਹ ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ਵਿੱਚ ਡਰਾਅ ਵੀ ਕਰ ਲੈਂਦੀ ਹੈ ਤਾਂ ਉਹ ਲਗਾਤਾਰ ਨੌਂ ਟੈਸਟ ਲੜੀਆਂ ਜਿੱਤਣ ਦੇ ਆਸਟਰੇਲੀਆ ਅਤੇ ਇੰਗਲੈਂਡ ਦੇ ਰਿਕਾਰਡ ਦੀ ਬਰਾਬਰੀ ਕਰ ਲਏਗੀ। ਭਾਰਤ ਨੂੰ ਪਿੱਛਲੀ ਲੜੀ 2014-15 ਵਿੱਚ ਆਸਟਰੇਲੀਆ ਖ਼ਿਲਾਫ਼ ਉਸੇ ਦੀ ਧਰਤੀ ’ਤੇ ਸ਼ਿਕਸਤ ਝੱਲਣੀ ਪਈ ਸੀ। ਇਸ ਤੋਂ ਬਾਅਦ ਭਾਰਤ ਨੇ ਨੌਂ ਲੜੀਆਂ ਖੇਡੀਆਂ ਅਤੇ ਲਗਾਤਾਰ ਅੱਠ ਲੜੀਆਂ ’ਚ ਜਿੱਤ ਦਰਜ ਕੀਤੀ ਹੈ ਅਤੇ ਉਹ ਹੁਣ ਇਤਿਹਾਸ ਸਿਰਜਣ ਦੀ ਸਥਿਤੀ ਵਿੱਚ ਹੈ। ਟੀਮ ਇੰਡੀਆ ਨੇ ਇਸ ਦੌਰਾਨ ਮਾਤ ਭੂਮੀ ਵਿੱਚ ਪੰਜ, ਸ੍ਰੀਲੰਕਾ ਵਿੱਚ ਦੋ ਅਤੇ ਵੈਸਟ ਇੰਡੀਜ਼ ਵਿੱਚ ਇਕ ਲੜੀ ਜਿੱਤੀ। ਦੁਨੀਆਂ ਦੀ ਅੱਵਲ ਨੰਬਰ ਟੀਮ ਭਾਰਤ ਦੇ ਆਪਣੀ ਧਰਤੀ ’ਤੇ ਮਜ਼ਬੂਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 2012-13 ਵਿੱਚ ਇੰਗਲੈਡ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ਵਿੱਚ 2-1 ਨਾਲ ਸ਼ਿਕਸਤ ਝੱਲਣ ਤੋਂ ਬਾਅਦ ਉਹ ਆਪਣੀ ਮੇਜ਼ਬਾਨੀ ਵਿੱਚ ਲਗਾਤਾਰ ਸੱਤ ਲੜੀਆਂ ਜਿੱਤ ਚੁੱਕਾ ਹੈ।
ਟੀਮ ਇੰਡੀਆ ਨੇ ਇਸ ਦੌਰਾਨ 23 ਮੈਚਾਂ ਵਿਚੋਂ 19 ਵਿੱਚ ਜਿੱਤ ਦਰਜ ਕੀਤੀ, ਜਦੋਂ ਕਿ ਇਕੋ ਇਕ ਮੈਚ ਵਿੱਚ ਉਸ ਨੂੰ ਆਸਟਰੇਲੀਆ ਹੱਥੋਂ ਹਾਰ ਮਿਲੀ। ਦੱਖਣੀ ਅਫਰੀਕਾ ਦੇ ਦੌਰੇ ਤੋਂ ਪਹਿਲਾਂ ਇਹ ਭਾਰਤ ਦਾ ਅੰਤਿਮ ਟੈਸਟ ਮੈਚ ਹੋਵੇਗਾ ਅਤੇ ਇਸ ਤਰ੍ਹਾਂ ਟੀਮ ਪ੍ਰਬੰਧਨ ਦੀ ਇੱਛਾ ਅਨੁਸਾਰ ਕੋਟਲਾ ਵਿੱਚ ਵੀ ਕੋਲਕਾਤਾ ਦੇ ਈਡਨ ਗਾਰਡਨਜ਼ ਅਤੇ ਨਾਗਪੁਰ ਦੇ ਵੀਸੀਏ ਸਟੇਡੀਅਮ ਦੀ ਤਰ੍ਹਾਂ ਘਾਹ ਵਾਲੀ ਪਿੱਚ ’ਤੇ ਮੈਚ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਈਡਨ ਗਾਰਡਨਜ਼ ਵਿੱਚ ਤੇਜ਼ ਗੇਂਦਬਾਜ਼ਾਂ ਨੇ ਘਾਤਕ ਗੇਂਦਬਾਜ਼ੀ ਕੀਤੀ ਸੀ ਜਦੋਂ ਕਿ ਨਾਗਪੁਰ ਵਿੱਚ ਫਿਰਕੀ ਗੇਂਦਬਾਜ਼ ਵਧੇਰੇ ਸਫ਼ਲ ਨਹੀਂ ਰਹੇ ਸੀ। ਟੀਮ ਮੈਨੇਜਮੈਂਟ ਸਾਹਮਣੇ ਇਹ ਵੀ ਸਵਾਲ ਹੋਵੇਗਾ ਕਿ ਇਸ ਮੈਚ ਵਿੱਚ ਕੋਲਕਾਤਾ ਦੀ ਤਰ੍ਹਾਂ ਪੰਜ ਗੇਂਦਬਾਜ਼ਾਂ ਦੇ ਨਾਲ ਮੈਦਾਨ ’ਤੇ ਉਤਰਿਆ ਜਾਵੇ ਜਾਂ ਨਾਗਪੁਰ ਦੀ ਤਰ੍ਹਾਂ ਚਾਰ ਗੇਂਦਬਾਜ਼ਾਂ ਨਾਲ ਵਧੇਰੇ ਬੱਲੇਬਾਜ਼ਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਜੇ ਭਾਰਤ ਪੰਜ ਗੇਂਦਬਾਜ਼ਾਂ ਨੂੰ ਖਿਡਾਉਣ ਦਾ ਫੈਸਲਾ ਕਰਦਾ ਹੈ ਤਾਂ ਉਪ ਕਪਤਾਨ ਅਜਿੰਕਿਆ ਰਹਾਣੇ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਉਹ ਮੌਜੂਦਾ ਲੜੀ ਦੀਆਂ ਤਿੰਨ ਪਾਰੀਆਂ ਵਿੱਚ ਇਕ ਵਾਰ ਵੀ ਦੋਹਰੇ ਸੈਂਕੜੇ ਤਕ ਨਹੀਂ ਪਹੁੰਚ ਸਕਿਆ। ਦੂਜੇ ਪਾਸੇ ਰੋਹਿਤ ਸ਼ਰਮਾ ਨੇ ਇਕ ਸਾਲ ਤੋਂ ਵਧ ਸਮੇਂ ਬਾਅਦ ਟੀਮ ਵਿੱਚ ਵਾਪਸੀ ਕਰਦਿਆਂ ਨਾਗਪੁਰ ਵਿੱਚ ਸੈਂਕੜਾ ਬਣਾਇਆ ਸੀ, ਜਿਸ ਕਾਰਨ ਉਸ ਨੂੰ ਬਾਹਰ ਕਰਨਾ ਆਸਾਨ ਨਹੀਂ ਹੋਵੇਗਾ। ਇਥੇ ਪਿਛਲੇ 11 ਮੈਚਾਂ ਵਿਚੋਂ 10 ਵਿੱਚ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਹੈ ਅਤੇ ਇਕ ਮੈਚ ਬਰਾਬਰ ਰਿਹਾ। ਇਸ ਮੈਦਾਨ ’ਤੇ ਭਾਰਤ ਨੇ ਕੁਲ 33 ਟੈਸਟ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ 13 ਵਿੱਚ ਉਸ ਨੂੰ ਜਿੱਤ ਅਤੇ ਛੇ ਵਿੱਚ ਸ਼ਿਕਸਤ ਝੱਲਣੀ ਪਈ ਹੈ, ਜਦੋਂ ਕਿ 14 ਬਰਾਬਰ ਰਹੇ।
ਭਾਰਤ ਨੇ ਇਥੇ ਪਿਛਲਾ ਮੈਚ ਨਵੰਬਰ 1987 ਵਿੱਚ ਵੈਸਟਇੰਡੀਜ਼ ਖਿਲਾਫ਼ ਖੇਡਿਆ ਸੀ, ਜਿਸ ਵਿੱਚ ਉਸ ਨੂੰ 5 ਵਿਕਟਾਂ ਨਾਲ ਸ਼ਿਕਸਤ ਝੱਲਣੀ ਪਈ ਸੀ। ਸ੍ਰੀਲੰਕਾ ਨੇ ਇਸ ਮੈਦਾਨ ’ਤੇ ਸਿਰਫ ਇਕੋ ਇਕ ਮੈਚ ਖੇਡਿਆ ਹੈ ਜਿਸ ਵਿੱਚ ਉਸ ਨੂੰ ਭਾਰਤ ਹੱਥੋਂ 188 ਦੌੜਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ। ਕੋਹਲੀ ਜੇ ਕਰ ਇਸ ਮੈਚ ਵਿੱਚ 25 ਦੌੜਾਂ ਬਣਾ ਲੈਂਦਾ ਹੈ ਤਾਂ ਟੈਸਟ ਕਿ੍ਕਟ ਵਿੱਚ ਉਹ 5000 ਦੌੜਾਂ ਪੂਰੀਆਂ ਕਰਨ ਵਾਲਾ 11ਵਾਂ ਭਾਰਤੀ ਬੱਲੇਬਾਜ਼ ਬਣ ਜਾਵੇਗਾ। ਉਸ ਨੇ ਹੁਣ ਤਕ 62 ਮੈਚਾਂ ਵਿੱਚ 51.82 ਦੀ ਔਸਤ ਨਾਲ 4975 ਦੌੜਾਂ ਬਣਾਈਆਂ ਹਨ।