ਭਾਰਤ ਸਰਕਾਰ ਵੱਲੋਂ ਪਾਸ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਅਮਰੀਕਾ ‘ਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ

87
Share

ਸੈਕਰਾਮੈਂਟੋ, 14 ਅਕਤੂਬਰ (ਪੰਜਾਬ ਮੇਲ)-ਭਾਰਤ ਸਰਕਾਰ ਵੱਲੋਂ ਕਿਸਾਨ ਸਬੰਧੀ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਖਿਲਾਫ ਜਿੱਥੇ ਭਾਰਤ ਦੇ ਪੰਜਾਬ, ਹਰਿਆਣਾ ਅਤੇ ਹੋਰ ਥਾਵਾਂ ‘ਤੇ ਇਸ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ, ਉਥੇ ਇਸ ਦਾ ਸੇਕ ਵਿਦੇਸ਼ਾਂ ਵਿਚ ਵੀ ਪਹੁੰਚ ਗਿਆ ਹੈ। ਅਮਰੀਕਾ ਵਿਚ ਵੱਖ-ਵੱਖ ਥਾਂਵਾਂ ‘ਤੇ ਇਸ ਸੰਬੰਧੀ ਪ੍ਰਦਰਸ਼ਨ ਹੋ ਰਹੇ ਹਨ। ਪਹਿਲਾਂ ਇੰਡੀਅਨ ਕੌਂਸਲੇਟ ਦਫਤਰ ਸਾਨ ਫਰਾਂਸਿਸਕੋ ਦੇ ਬਾਹਰ ਕਿਸਾਨੀ ਨਾਲ ਸਬੰਧਤ ਲੋਕਾਂ ਨੇ ਪ੍ਰਦਰਸ਼ਨ ਕੀਤਾ। ਉਪਰੰਤ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਵੀ ਐਤਵਾਰ ਨੂੰ ਇਸ ਸਬੰਧੀ ਇਕ ਰੈਲੀ ਕੀਤੀ ਗਈ, ਜਿੱਥੇ ਸਥਾਨਕ ਆਗੂਆਂ ਨੇ ਪੰਜਾਬ ਦੇ ਕਿਸਾਨਾਂ ਪ੍ਰਤੀ ਹਾਅ ਦਾ ਨਾਅਰਾ ਮਾਰਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਾਰਤ ਸਰਕਾਰ ਨੂੰ ਤਾੜਨਾ ਕੀਤੀ ਕਿ ਕਾਨੂੰਨ ਜਲਦ ਤੋਂ ਜਲਦ ਵਾਪਸ ਲਏ ਜਾਣ। ਇਸ ਤੋਂ ਬਾਅਦ ਹੁਣ 17 ਅਕਤੂਬਰ, ਦਿਨ ਸ਼ਨੀਵਾਰ ਨੂੰ ਵਰਜੀਨੀਆ ਦੇ ਮਨਾਸਸ ਸ਼ਹਿਰ ‘ਚ ਜੀ.ਐੱਨ. ਈਵੈਂਟ ਸੈਂਟਰ ਵਿਖੇ ਯੂ.ਐੱਸ.ਏ. ਨੈਸ਼ਨਲ ਕਨਵੈਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿੱਥੇ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਸੰਸਥਾਵਾਂ ਹਿੱਸਾ ਲੈਣ ਪਹੁੰਚ ਰਹੀਆਂ ਹਨ। ਇਸ ਕੰਨਵੈਨਸ਼ਨ ਵਿਚ ਭਾਰਤ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਦਬਾਅ ਪਾਇਆ ਜਾਵੇਗਾ।


Share