ਭਾਰਤ ਸਰਕਾਰ ਨੇ ਵੀਜ਼ਾ ਨੇਮਾਂ ‘ਤੇ ਲੱਗੀਆਂ ਪਾਬੰਦੀਆਂ ‘ਚ ਦਿੱਤੀ ਕੁਝ ਢਿੱਲ

74
Share

ਵਿਦੇਸ਼ਾਂ ‘ਚ ਰਹਿੰਦੇ ਭਾਰਤੀ ਓ.ਸੀ.ਆਈ. ਅਤੇ ਭਾਰਤੀ ਮੂਲ ਦੇ ਲੋਕਾਂ ਪੀ.ਆਈ.ਓ. ਕਾਰਡ ਧਾਰਕਾਂ ਨੂੰ ਵੀਜ਼ਾ ਦੇਣ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)- ਭਾਰਤ ਸਰਕਾਰ ਨੇ ਪੜਾਅ-ਦਰ-ਪੜਾਅ ਢੰਗਾਂ ਨਾਲ ਅਰਥਚਾਰਾ ਖੋਲ੍ਹਣ ਦੀ ਕਵਾਇਦ ‘ਚ ਵੀਜ਼ਾ ਨੇਮਾਂ ‘ਤੇ ਲੱਗੀਆਂ ਪਾਬੰਦੀਆਂ ‘ਚ ਕੁਝ ਢਿੱਲ ਦਿੱਤੀ ਹੈ | ਸਰਕਾਰ ਨੇ ਵਿਦੇਸ਼ਾਂ ‘ਚ ਰਹਿੰਦੇ ਭਾਰਤੀ ਓ.ਸੀ.ਆਈ. ਅਤੇ ਭਾਰਤੀ ਮੂਲ ਦੇ ਲੋਕਾਂ ਪੀ.ਆਈ.ਓ. ਕਾਰਡ ਧਾਰਕਾਂ ਨੂੰ ਵੀਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ | ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੀਆਂ ਛੋਟਾਂ ‘ਚ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਨੂੰ ਵੀ ਭਾਰਤ ਆਉਣ ਲਈ ਵੀਜ਼ਾ ਜਾਰੀ ਕੀਤਾ ਜਾਵੇਗਾ | ਹਾਲਾਂਕਿ ਸਰਕਾਰ ਨੇ ਸੈਲਾਨੀ ਵੀਜ਼ਾ ‘ਤੇ ਪਾਬੰਦੀ ਬਰਕਰਾਰ ਰੱਖੀ ਹੈ | ਸਰਕਾਰ ਵਲੋਂ ਜਾਰੀ ਆਦੇਸ਼ ‘ਚ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਅਤੇ ਭਾਰਤੀ ਨਾਗਰਿਕਾਂ ਦੇ ਹੋਰ ਵਰਗਾਂ ਲਈ ਵੀਜ਼ਾ ਅਤੇ ਸਫ਼ਰ ਪਾਬੰਦੀਆਂ ‘ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਆਉਣ ਵਾਲੇ ਮੁਸਾਫ਼ਰਾਂ ਨੂੰ ਜੇਕਰ ਨਵਾਂ ਮੈਡੀਕਲ ਵੀਜ਼ਾ ਚਾਹੀਦਾ ਹੈ ਤਾਂ ਉਨ੍ਹਾਂ ਨੂੰ ਨਵੀਂ ਅਰਜ਼ੀ ਪਾਉਣੀ ਹੋਵੇਗੀ | ਆਦੇਸ਼ ਮੁਤਾਬਿਕ ਇਸ ‘ਚ ਵੰਦੇ ਭਾਰਤ ਮਿਸ਼ਨ, ਹਵਾਈ ਆਵਾਜਾਈ ਲਈ ਦੂਜੇ ਦੇਸ਼ਾਂ ਨਾਲ ਬਣਾਈ ਵਿਵਸਥਾ ਜਾਂ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਵਲੋਂ ਇਜਾਜ਼ਤ ਮੁਤਾਬਿਕ ਚਲਾਈਆਂ ਜਾ ਰਹੀਆਂ ਉਡਾਣਾਂ ਸ਼ਾਮਿਲ ਹਨ | ਇਹ ਵੀਜ਼ਾ ਕਾਰੋਬਾਰ, ਕਾਨਫ਼ਰੰਸ, ਰੁਜ਼ਗਾਰ, ਪੜ੍ਹਾਈ, ਖੋਜ ਅਤੇ ਇਲਾਜ ਲਈ ਦਿੱਤੇ ਜਾਣਗੇ | ਇਨ੍ਹਾਂ ਮੁਸਾਫਰਾਂ ਨੂੰ ਸਿਹਤ ਮੰਤਰਾਲੇ ਦੀਆਂ ਕੋਰੋਨਾ ਸੇਧਾਂ ਦੀ ਪਾਲਣਾ ਕਰਨੀ ਹੋਵੇਗੀ | ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਿਕ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਅਟੈਂਡੈਂਟ ਦੇ ਨਾਲ ਮੈਡੀਕਲ ਵੀਜ਼ਾ ਲਈ ਦਰਖ਼ਾਸਤ ਦੇਣੀ ਹੋਏਗੀ | ਸਰਕਾਰ ਵਲੋਂ ਜਿਨ੍ਹਾਂ ਵਰਗਾਂ ਨੂੰ ਵੀਜ਼ਾ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ, ਉਹ ਹਵਾਈ ਅਤੇ ਸਮੁੰਦਰੀ ਰਸਤੇ ਰਾਹੀਂ ਭਾਰਤ ਆ ਸਕਦੇ ਹਨ | ਸਰਕਾਰ ਨੇ ਵਿਦੇਸ਼ੀਆਂ ਨੂੰ ਦੇਸ਼ ‘ਚ ਦਾਖ਼ਲ ਹੋਣ ਲਈ ਕੁਝ ਹਵਾਈ ਅੱਡਿਆਂ ਤੇ ਇੰਮੀਗ੍ਰੇਸ਼ਨ ਅਤੇ ਚੈੱਕ ਪੋਸਟ ਨੂੰ ਇਜਾਜ਼ਤ ਦਿੱਤੀ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਨੇ 23 ਮਾਰਚ ਨੂੰ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਾਈ ਸੀ, ਹਾਲਾਂਕਿ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਸਨ ਪਰ ਵਿਦੇਸ਼ਾਂ ਤੋਂ ਸਿਰਫ ਫਸੇ ਹੋਏ ਭਾਰਤੀਆਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਸੀ |


Share