ਭਾਰਤ ਨੇ ਪਾਕਿਸਤਾਨ ‘ਚ ਲੁਕੇ ਦਾਊਦ ਦਾ ਮੁੱਦਾ ਸੁਰੱਖਿਆ ਪ੍ਰੀਸ਼ਦ ‘ਚ ਉਠਾਇਆ

ਸੰਯੁਕਤ ਰਾਸ਼ਟਰ, 11 ਜੁਲਾਈ (ਪੰਜਾਬ ਮੇਲ)-ਭਾਰਤ ਨੇ ਪਾਕਿਸਤਾਨ ‘ਚ ਲੁਕ ਕੇ ਰਹਿ ਰਹੇ ਮਾਫ਼ੀਆ ਸਰਗਨਾ ਦਾਊਦ ਇਬਰਾਹਿਮ ਦਾ ਮੁੱਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ‘ਚ ਉਠਾਇਆ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸੱਯਦ ਅਕਬਰੂਦੀਨ ਨੇ 1993 ‘ਚ ਹੋਏ ਮੁੰਬਈ ਬੰਬ ਧਮਾਕਿਆਂ ਦੇ ਸਬੰਧ ਵਿਚ ਦਾਊਦ ਅਤੇ ਉਸ ਦੀ ਡੀ-ਕੰਪਨੀ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਨ੍ਹਾਂ ਧਮਾਕਿਆਂ ਵਿਚ 257 ਲੋਕਾਂ ਦੀ ਮੌਤ ਹੋ ਗਈ ਸੀ। ਅਕਬਰੂਦੀਨ ਨੇ ਕਿਹਾ ਕਿ ਅਸੀਂ ਦਾਊਦ ਦੇ ਅਪਰਾਧਿਕ ਤੰਤਰ ਨੂੰ ਡੀ-ਕੰਪਨੀ ਨਾਮਕ ਅੱਤਵਾਦੀ ਸੰਗਠਨ ਵਿਚ ਬਦਲਦੇ ਦੇਖਿਆ ਹੈ। ਇਹ ਇਸ ਵਕਤ ਸਭ ਤੋਂ ਵੱਡਾ ਖ਼ਤਰਾ ਹੈ।
ਭਾਰਤ ਨੇ ਸੁਰੱਖਿਆ ਪ੍ਰੀਸ਼ਦ ‘ਚ ਦਾਊਦ ਦਾ ਮੁੱਦਾ ਅਜਿਹੇ ਸਮੇਂ ‘ਤੇ ਉਠਾਇਆ ਹੈ ਜਦੋਂ ਅਮਰੀਕਾ ਡੀ-ਕੰਪਨੀ ਦੇ ਕਥਿਤ ਅੰਤਰਰਾਸ਼ਟਰੀ ਆਪਰੇਟਰ ਜਬੀਰ ਮੋਤੀਵਾਲਾ ਦੀ ਬਰਤਾਨੀਆ ਤੋਂ ਹਵਾਲਗੀ ਕਰਾਉਣ ਦੀ ਕੋਸ਼ਿਸ਼ ਵਿਚ ਹੈ। ਮੋਤੀਵਾਲਾ ‘ਤੇ ਮਨੀ ਲਾਂਡਰਿੰਗ ਅਤੇ ਸਮੱਗਲਿੰਗ ਦੇ ਦੋਸ਼ ਹਨ। ਅਮਰੀਕਾ ਨੇ ਦਾਊਦ ਅਤੇ ਉਸ ਦੇ ਭਰਾ ਸ਼ੇਖ ਅਨੀਸ, ਅਜ਼ੀਜ਼ ਮੂਸਾ, ਛੋਟਾ ਸ਼ਕੀਲ, ਟਾਈਗਰ ਮੈਨਨ ਅਤੇ ਡੀ-ਕੰਪਨੀ ‘ਤੇ ਕਈ ਪਾਬੰਦੀਆਂ ਵੀ ਲਗਾਈਆਂ ਹਨ।
ਪਾਕਿਸਤਾਨ ਨੂੰ ਘੇਰਿਆ
ਯੂ.ਐੱਨ.ਐੱਸ.ਸੀ. ਵਿਚ ਅੰਤਰਰਾਸ਼ਟਰੀ ਅੱਤਵਾਦੀ ਜਮਾਤ ਅਤੇ ਅਪਰਾਧਿਕ ਜਮਾਤਾਂ ਵਿਚਕਾਰ ਸਬੰਧਾਂ ‘ਤੇ ਚਰਚਾ ਦੌਰਾਨ ਬਿਨਾਂ ਨਾਂ ਲਏ ਅਕਬਰੂਦੀਨ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਪਾਕਿਸਤਾਨ ‘ਤੇ ਵੀ ਨਿਸ਼ਾਨਾ ਕੱਸਿਆ। ਉਨ੍ਹਾਂ ਕਿਹਾ ਕਿ ਦਾਊਦ ਇਕ ਦੇਸ਼ ਦੀ ਪਨਾਹ ਵਿਚ ਸੁਰੱਖਿਅਤ ਬੈਠਾ ਹੈ ਅਤੇ ਆਪਣੀ ਡੀ-ਕੰਪਨੀ ਰਾਹੀਂ ਸਾਡੇ ਦੇਸ਼ ‘ਚ ਸੋਨੇ, ਨਕਲੀ ਨੋਟਾਂ, ਹਥਿਆਰਾਂ ਅਤੇ ਡਰੱਗਸ ਦੀ ਸਮੱਗਲਿੰਗ ਕਰ ਰਿਹਾ ਹੈ। ਡੀ-ਕੰਪਨੀ ਦੀਆਂ ਅਪਰਾਧਿਕ ਗਤੀਵਿਧੀਆਂ ਦੂਜੀਆਂ ਥਾਵਾਂ ‘ਤੇ ਭਾਵੇਂ ਘੱਟ ਹੋਣ ਪ੍ਰੰਤੂ ਸਾਡੇ ਲਈ ਇਹ ਬਹੁਤ ਵੱਡੀ ਸਮੱਸਿਆ ਬਣ ਗਈ ਹੈ। ਦੂਜੇ ਪਾਸੇ ਪਾਕਿਸਤਾਨ ਨੇ ਕਿਹਾ ਕਿ ਉਹ ਅੱਤਵਾਦੀਆਂ ‘ਤੇ ਕਾਰਵਾਈ ਲਈ ਤਿਆਰ ਹੈ ਪ੍ਰੰਤੂ ਕੋਈ ਵੀ ਕਦਮ ਠੋਸ ਸਬੂਤ ਦੇ ਆਧਾਰ ‘ਤੇ ਚੁੱਕਿਆ ਜਾਣਾ ਚਾਹੀਦਾ ਹੈ।
ਅਕਬਰੂਦੀਨ ਨੇ ਕਿਹਾ ਕਿ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈ.ਐੱਸ.) ਖ਼ਿਲਾਫ਼ ਸਫਲਤਾ ਸਾਬਿਤ ਕਰਦੀ ਹੈ ਕਿ ਮਿਲ ਕੇ ਕੰਮ ਕਰਨ ਨਾਲ ਨਤੀਜੇ ਚੰਗੇ ਮਿਲਦੇ ਹਨ। ਇਸੇ ਤਰ੍ਹਾਂ ਸਾਨੂੰ ਅਲਕਾਇਦਾ ਦੇ ਸਹਿਯੋਗੀਆਂ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ ਨਾਲ ਹੀ ਦਾਊਦ ਦੀ ਡੀ-ਕੰਪਨੀ ਖ਼ਿਲਾਫ਼ ਮਿਲ ਕੇ ਕਾਰਵਾਈ ਕਰਨੀ ਹੋਵੇਗੀ।