ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਜੀਤ ਵਾਡੇਕਰ ਦਾ ਪੂਰੇ ਰਾਜਸੀ ਸਨਮਾਨ ਨਾਲ ਅੰਤਿਮ ਸੰਸਕਾਰ

ਮੁੰਬਈ, 18 ਅਗਸਤ (ਪੰਜਾਬ ਮੇਲ)- ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਜੀਤ ਵਾਡੇਕਰ ਦਾ ਅੱਜ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਚ ਪੂਰੇ ਰਾਜਸੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਵੈਸਟਇੰਡੀਜ਼ ਤੇ ਇੰਗਲੈਂਡ ਵਿਚ ਭਾਰਤ ਨੂੰ 1971 ਵਿਚ ਪਹਿਲੀ ਜਿੱਤ ਦਿਵਾਉਣ ਵਾਲੇ ਵਾਡੇਕਰ ਦਾ 15 ਅਗਸਤ ਨੂੰ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਬਤੌਰ ਮੈਨੇਜਰ, ਕੋਚ ਤੇ ਚੋਣਕਾਰ ਭਾਰਤੀ ਕ੍ਰਿਕਟ ਦੀ ਸੇਵਾ ਕਰਨ ਵਾਲੇ ਵਾਡੇਕਰ ਵਨ ਡੇ ਕ੍ਰਿਕਟ ਵਿਚ ਭਾਰਤੀ ਟੀਮ ਦੇ ਪਹਿਲੇ ਕਪਤਾਨ ਸਨ। ਵਾਡੇਕਰ ਦਾ ਪਵਿੱਤਰ ਸਰੀਰ ਵਰਲੀ ਸਥਿਤ ਉਨ੍ਹਾਂ ਦੇ ਨਿਵਾਸ ‘ਤੇ ਸ਼ਰਧਾਂਜਲੀ ਦੇਣ ਲਈ ਰੱਖਿਆ ਗਿਆ ਸੀ।
ਕ੍ਰਿਕਟਰ ਸਚਿਨ ਤੇਂਦੁਲਕਰ, ਵਿਨੋਦ ਕਾਂਬਲੀ, ਸਮੀਰ ਦਿਘੇ, ਸਾਬਕਾ ਹਾਕੀ ਕਪਤਾਨ ਐੱਮ. ਐੈੱਸ. ਸੌਮਿਆ ਤੇ ਮੁੰਬਈ ਕ੍ਰਿਕਟ ਸੰਘ ਦੇ ਮੌਜੂਦਾ ਤੇ ਸਾਬਕਾ ਅਧਿਕਾਰੀ ਇਸ ਮੌਕੇ ‘ਤੇ ਮੌਜੂਦ ਸਨ। ਬੀ. ਸੀ. ਸੀ. ਆਈ. ਮੈਨੇਜਰ ਸਬਾ ਕਰੀਮ ਨੇ ਕ੍ਰਿਕਟ ਬੋਰਡ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਓਤ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਏ ਸਨ। ਵਾਡੇਕਰ ਦੇ ਪਵਿੱਤਰ ਸਰੀਰ ਨੂੰ ਖੁੱਲ੍ਹੇ ਟਰੱਕ ਵਿਚ ਦਾਦਰ ਸਥਿਤ ਸ਼ਿਵਾਜੀ ਪਾਰਕ ਜਿਮਖਾਨਾ ਲਿਜਾਇਆ ਗਿਆ। ਜਿਮਖਾਨਾ ‘ਚ ਭਾਰਤ ਦੇ ਸਾਬਕਾ ਕਪਤਾਨ ਸੰਦੀਪ ਪਾਟਿਲ, ਨਿਲੇਸ਼ ਕੁਲਕਰਣੀ, ਘਰੇਲੂ ਕ੍ਰਿਕਟਰ ਪਦਮਾਕਰ ਸ਼ਿਵਾਲਕਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।