ਭਾਰਤ ਦੀ ਕੰਪਨੀ ਵੱਲੋਂ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ!

304
Share

* 103 ਰੁਪਏ ਪ੍ਰਤੀ ਗੋਲੀ ਦੀ ਦਰ ਨਾਲ ਬਾਜ਼ਾਰ ‘ਚ ਉਪਲੱਬਧ ਹੋਵੇਗੀ
* ਡੀ.ਜੀ.ਸੀ.ਆਈ. ਤੋਂ ਮਿਲੀ ਮਨਜ਼ੂਰੀ
ਨਵੀਂ ਦਿੱਲੀ, 24 ਜੂਨ (ਪੰਜਾਬ ਮੇਲ)-ਗਲੈਨਮਾਰਕ ਫਾਰਮਾਸਿਊਟੀਕਲਜ਼ ਨੇ ਕੋਵਿਡ-19 ਨਾਲ ਮਾਮੂਲੀ ਤੇ ਘੱਟ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਂਟੀਵਾਇਰਲ ਦਵਾਈ ਫੈਵੀਪੀਰਾਵੀਰ ਨੂੰ ਫੈਬੀਫਲੂ ਬ੍ਰਾਂਡ ਨਾਂ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਦੀ ਕੰਪਨੀ ਨੇ ਕਿਹਾ ਸੀ ਕਿ ਉਸ ਨੂੰ ਭਾਰਤੀ ਔਸ਼ਧੀ ਮਹਾਕੰਟਰੋਲਰ (ਡੀ.ਜੀ.ਸੀ.ਆਈ.) ਤੋਂ ਇਸ ਦਵਾਈ ਦੇ ਵਿਨਿਰਮਾਣ ਤੇ ਮਾਰਕੀਟਿੰਗ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਕਿਹਾ ਕਿ ਫੈਬੀਫਲੂ ਕੋਵਿਡ-19 ਦੇ ਇਲਾਜ ਲਈ ਪਹਿਲੀ ਖਾਣ ਵਾਲੀ ਫੈਵੀਪੀਰਾਵੀਰ ਦਵਾਈ ਹੈ, ਜਿਸ ਨੂੰ ਮਨਜ਼ੂਰੀ ਮਿਲੀ ਹੈ।
ਇਹ ਦਵਾਈ ਲਗਭਗ 103 ਰੁਪਏ ਪ੍ਰਤੀ ਗੋਲੀ ਦੀ ਦਰ ਨਾਲ ਬਾਜ਼ਾਰ ‘ਚ ਉਪਲੱਬਧ ਹੋਵੇਗੀ। ਗਲੈਨਮਾਰਕ ਫਾਰਮਾਸਿਊਟੀਕਲਜ਼ ਨੇ ਕਿਹਾ ਕਿ ਇਹ ਦਵਾਈ 34 ਗੋਲੀਆਂ ਦੇ ਪੱਤੇ ਲਈ 3,500 ਰੁਪਏ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮ.ਆਰ.ਪੀ.) ‘ਤੇ 200 ਮਿਲੀਗ੍ਰਾਮ ਗੋਲੀ ਵਜੋਂ ਉਪਲੱਬਧ ਹੋਵੇਗੀ। ਫੈਬੀਫਲੂ ਦੀ ਸਿਫਾਰਸ਼ ਪਹਿਲਾਂ ਦਿਨ ‘ਚ 1,800 ਮਿਲੀਗ੍ਰਾਮ ਦੋ ਵਾਰ ਉਸ ਤੋਂ ਬਾਅਦ ਰੋਜ਼ਾਨਾ 14 ਦਿਨ ਤੱਕ 800 ਮਿਲੀਗ੍ਰਾਮ ਦੋ ਵਾਰ ਕੀਤੀ ਗਈ ਹੈ।
ਗਲੈਨਮਾਰਕ ਫਾਰਮਾਸਿਊਟੀਕਲਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਗਲੇਨ ਸਲਦਾਨਹਾ ਨੇ ਕਿਹਾ ਕਿ ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ, ਜਦੋਂ ਭਾਰਤ ‘ਚ ਕੋਰੋਨਾਵਾਇਰਸ ਦੇ ਮਾਮਲੇ ਪਹਿਲਾਂ ਦੀ ਤੁਲਨਾ ‘ਚ ਜ਼ਿਆਦਾ ਤੇਜ਼ੀ ਨਾਲ ਵਧ ਰਹੇ ਹਨ। ਇਸ ਨਾਲ ਸਾਡੀ ਸਿਹਤ ਸੇਵਾ ਪ੍ਰਣਾਲੀ ਕਾਫੀ ਦਬਾਅ ‘ਚ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਫੈਬੀਫਲੂ ਵਰਗੇ ਪ੍ਰਭਾਵਸ਼ਾਲੀ ਇਲਾਜ ਦੀ ਉਪਲੱਬਧਤਾ ਨਾਲ ਇਸ ਦਬਾਅ ਨੂੰ ਕਾਫੀ ਹੱਦ ਤਕ ਘੱਟ ਕਰਨ ‘ਚ ਮਦਦ ਮਿਲੇਗੀ।


Share