ਭਾਰਤ ਦੀ ਇਤਿਹਾਸਕ ਜਿੱਤ, ਆਸਟਰੇਲੀਆ ਨੂੰ ਉਸ ਦੇ ਘਰ 2-1 ਨਾਲ ਦਿੱਤੀ ਮਾਤ

205
Share

ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)- ਸਲਾਮੀ ਬੱਲੇਬਾਜ਼ ਸ਼ੁਭਮਨ ਗਿਲ (91), ਟੀਮ ਇੰਡੀਆ ਦੀ ਦੀਵਾਰ ਚੇਤੇਸ਼ਵਰ ਪੁਜਾਰਾ (56) ਅਤੇ ਪ੍ਰਤਿਭਾਸ਼ਾਲੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਨਾਬਾਦ 89) ਦੀ ਬੱਲੇਬਾਜ਼ੀ ਨਾਲ ਭਾਰਤ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ’ਚ ਆਸਟਰੇਲੀਆ ਨੂੰ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ 5ਵੇਂ ਦਿਨ ਮੰਗਲਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਬ੍ਰਿਸਬੇਨ ਵਿਚ ਟੈਸਟ ਜਿੱਤ ਹਾਸਲ ਕੀਤੀ ਅਤੇ ਚਾਰ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਜਿੱਤ ਲਿਆ। ਭਾਰਤ ਨੂੰ ਇਸ ਮੁਕਾਬਲੇ ਨੂੰ ਜਿੱਤਣ ਲਈ 328 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਨੇ 97 ਓਵਰ ਵਿਚ 7 ਵਿਕਟਾਂ ’ਤੇ 329 ਦੌੜਾਂ ਬਣਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਆਸਟਰੇਲੀਆ ਦੀ ਗਾਬਾ ਮੈਦਾਨ ’ਤੇ ਪਿਛਲੇ 32 ਸਾਲਾਂ ਵਿਚ ਇਹ ਪਹਿਲੀ ਹਾਰ ਹੈ, ਜਦੋਂਕਿ ਭਾਰਤ ਨੇ ਇੱਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।

ਇਸ ਤੋਂ ਪਹਿਲਾਂ ਮਾਰਨਸ ਲਾਬੁਸ਼ੇਨ ਦੀ ਸੈਂਕੜਾ ਪਾਰੀ (108) ਦੀ ਬਦੌਲਤ ਆਸਟ੍ਰੇਲੀਆ ਨੇ ਪਹਿਲੀ ਇਨਿੰਗ ’ਚ 369 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਵੱਲੋਂ ਟੀ ਨਟਰਾਜਨ, ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੂੰ 3-3 ਵਿਕਟਾਂ ਮਿਲੀਆਂ ਜਦੋਂਕਿ ਸਿਰਾਜ ਦੇ ਹੱਥ ਇਕ ਸਫ਼ਲਤਾ ਲੱਗੀ। ਬੱਲੇਬਾਜ਼ੀ ਦੇ ਲਈ ਉਤਰੀ ਭਾਰਤੀ ਟੀਮ ਨੇ ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਦੀਆਂ 123 ਦੌੜਾਂ ਦੀ ਸਾਂਝੀਦਾਰੀ ਦੀ ਬਦੌਲਤ 336 ਦੌੜਾਂ ਬਣਾਈਆਂ। ਮੁਹੰਮਦ ਸਿਰਾਜ (5) ਅਤੇ ਸ਼ਾਰਦੁਲ ਠਾਕੁਰ (4) ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੂੰ ਦੂਜੀ ਪਾਰੀ ਦੇ ਚੌਥੇ ਦਿਨ 294 ਦੌੜਾਂ ’ਤੇ ਢੇਰ ਕਰਨ ਦੇ ਬਾਅਦ ਪੰਜਵੇਂ ਦਿਨ ਮੈਚ ਨੂੰ ਆਪਣੇ ਨਾਮ ਕਰ ਲਿਆ।

ਪੰਜਵਾਂ ਦਿਨ
ਅੰਤ ਵਿਚ ਪੰਤ ਅਤੇ ਸੈਨ ਭਾਰਤ ਨੂੰ ਜਿੱਤ ਦਿਵਾ ਕੇ ਵਾਪਸ ਪਰਤੇ। ਪਹਿਲੀ ਪਾਰੀ ਵਿਚ ਬਿਹਤਰੀਨ ਪਾਰੀ ਖੇਡਣ ਵਾਲੇ ਸ਼ਾਰਦੁਲ ਠਾਕੁਰ ਸਿਫ 2 ਹੀ ਦੌੜਾਂ ਬਣਾ ਸਕੇ ਅਤੇ ਖ਼ਰਾਬ ਸ਼ਾਟ ਕਾਰਨ ਹੇਜਲਵੁੱਡ ਦੀ ਗੇਂਦ ’ਤੇ ਲਿਓਨ ਦੇ ਹੱਥੋਂ ਕੈਚ ਆਊਟ ਹੋ ਕੇ ਵਿਕਟ ਗਵਾ ਦਿੱਤੀ। ਵਾਸ਼ਿੰਗਟਨ ਸੁੰਦਰ ਨੇ ਛੋਟੀ ਪਰ ਸ਼ਾਨਦਾਰ ਪਾਰੀ ਖੇਡਦੇ ਹੋਏ 29 ਗੇਂਦਾਂ ’ਤੇ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾ ਕੇ ਲਿਓਨ ਦੇ ਹੱਥੋਂ ਬੋਲਡ ਹੋਏ। ਮਯੰਕ ਅਗਰਵਾਲ ਇਕ ਵਾਰ ਫਿਰ ਫਲਾਪ ਸਾਬਿਤ ਹੋਏ ਅਤੇ ਸਿਰਫ 9 ਦੌੜਾਂ ਬਣਾ ਕੇ ਕਮਿੰਸ ਦੀ ਗੇਂਦ ’ਤੇ ਵੇਡ ਦੇ ਹੱਥੋਂ ਕੈਚ ਆਊਟ ਹੋ ਗਏ। ਪੁਜਾਰਾ ਕਮਿੰਸ ਦੀ ਗੇਂਦ ’ਤੇ ਐਲ.ਬੀ.ਡਬਲਯੂ. ਆਊਟ ਹੋਏ। ਉਨ੍ਹਾਂ ਨੇ 211 ਗੇਂਦਾਂ ਖੇਡਦੇ ਹੋਏ 7 ਚੌਕੇ ਲਗਾ ਕੇ 56 ਦੌੜਾਂ ਬਣਾਈਆਂ। ਤੀਜੀ ਵਿਕਟ ਕਪਤਾਨ ਅਜਿੰਕਿਆ ਰਹਾਣੇ ਦੀ ਡਿੱਗੀ। ਰਹਾਣੇ ਇਸ ਵਾਰ ਵੀ ਲੰਬੀ ਪਾਰੀ ਨਹੀਂ ਖੇਡ ਸਕੇ ਅਤੇ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਸਿਰਫ਼ 24 ਦੌੜਾਂ ਹੀ ਬਣਾ ਸਕੇ। ਉਹ ਪੇਟ ਕਮਿੰਸ ਦੀ ਗੇਂਦ ’ਤੇ ਟਿਮ ਪੇਨ ਦੇ ਹੱਥੋਂ ਕੈਚ ਆਊਟ ਹੋ ਕੇ ਪਵੇਲੀਅਨ ਪਰਤੇ। ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿਲ ਨੇ ਦੂਜੀ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਮਜਬੂਤੀ ਪ੍ਰਦਾਨ ਕੀਤੀ। ਜਦੋਂ ਜੋੜੀ 132 ਦੌੜਾਂ ’ਤੇ ਟੁੱਟ ਗਈ ਅਤੇ ਗਿਲ ਨਾਥਨ ਲਿਓਨ ਦੀ ਗੇਂਦ ’ਤੇ ਸਟੀਵ ਸਮਿਥ ਦੇ ਹੱਥੋਂ ਕੈਚ ਆਊਟ ਹੋ ਗਏ। ਗਿਲ ਭਾਵੇਂ ਹੀ ਸੈਂਕੜੇ ਲਗਾਉਣ ਤੋਂ ਰਹਿ ਗਏ ਪਰ ਉਨ੍ਹਾਂ ਨੇ 146 ਗੇਂਦਾਂ ’ਤੇ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।


Share