ਭਾਰਤ ਤੇ ਸ਼੍ਰੀਲੰਕਾ ‘ਚ ਧਾਰਮਿਕ ਆਜ਼ਾਦੀ ਲਈ ਅਮਰੀਕਾ ਵੱਲੋਂ 5 ਲੱਖ ਡਾਲਰ ਮਨਜ਼ੂਰ

ਵਾਸ਼ਿੰਗਟਨ, 9 ਨਵੰਬਰ (ਪੰਜਾਬ ਮੇਲ)-ਅਮਰੀਕਾ ਨੇ ਭਾਰਤ ਅਤੇ ਸ਼੍ਰੀਲੰਕਾ ‘ਚ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਥੇਬੰਦੀਆਂ ਨੂੰ ਕਰੀਬ 5 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼, ਜਮਹੂਰੀਅਤ ਦੇ ਬਿਉਰੋ, ਮਨੁੱਖੀ ਹੱਕਾਂ ਅਤੇ ਮਜ਼ਦੂਰ ਵਿਭਾਗ ਵੱਲੋਂ ਆਪਣੇ ਬਿਆਨ ‘ਚ ਕਿਹਾ ਗਿਆ ਹੈ ਕਿ ਉਹ 493,827 ਡਾਲਰ ਪ੍ਰੋਗਰਾਮ ਰਾਹੀਂ ਭਾਰਤ ‘ਚ ਧਰਮ ਆਧਾਰਿਤ ਹਿੰਸਾ ਅਤੇ ਵਿਤਕਰੇ ਨੂੰ ਘਟਾਉਣਾ ਚਾਹੁੰਦਾ ਹੈ। ਸ੍ਰੀਲੰਕਾ ‘ਚ ਧਾਰਮਿਕ ਆਜ਼ਾਦੀ ਦੀ ਰਾਖੀ ਕਰਨ ਵਾਲੀਆਂ ਨੀਤੀਆਂ ਅਤੇ ਕੌਮੀ ਕਾਨੂੰਨਾਂ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਾਉਣ ਦੇ ਉਹ ਪੱਖ ‘ਚ ਹਨ। ਭਾਰਤ ਲਈ ਵਿਦੇਸ਼ ਵਿਭਾਗ ਚਾਹੁੰਦਾ ਹੈ ਕਿ ਜਥੇਬੰਦੀਆਂ ਵੱਡੇ ਪੱਧਰ ‘ਤੇ ਹਿੰਸਾ ਨੂੰ ਰੋਕਣ ਅਤੇ ਅਗਾਊਂ ਚਿਤਾਵਨੀਆਂ ਸਬੰਧੀ ਆਪਣੀਆਂ ਤਜਵੀਜ਼ਾਂ ਪੇਸ਼ ਕਰਨ। ਅਰਜ਼ੀਕਾਰਾਂ ਨੂੰ ਵਿਤਕਰੇ ਭਰੇ ਸੁਨੇਹਿਆਂ ਦਾ ਹਰ ਤਰ੍ਹਾਂ ਦੇ ਮੀਡੀਆ ‘ਚ ਹਾਂ-ਪੱਖੀ ਸੁਨੇਹਿਆਂ ਨਾਲ ਸਫ਼ਲਤਾਪੂਰਬਕ ਟਾਕਰਾ ਕਰਨਾ ਪਏਗਾ। ਅਰਜ਼ੀਕਾਰ ਵਿਚਾਰ ਵੀ ਸਾਂਝੇ ਕਰਨ ਜਿਸ ਨਾਲ ਆਮ ਲੋਕਾਂ ਅਤੇ ਪੱਤਰਕਾਰਾਂ ਨੂੰ ਧਾਰਮਿਕ ਆਜ਼ਾਦੀ ਦੀ ਕਾਨੂੰਨੀ ਰਾਖੀ ਲਈ ਸਿਖਾਇਆ ਜਾ ਸਕੇ।