ਭਾਰਤ ਤੇ ਪਾਕਿ ਕੰਟਰੋਲ ਰੇਖਾ ‘ਤੇ ਸ਼ਾਂਤੀ ਬਣਾਈ ਰੱਖਣ ਲਈ ਸਹਿਮਤ

68
Share

ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)-ਭਾਰਤ ਅਤੇ ਪਾਕਿਸਤਾਨ ਵਲੋਂ ਇਕ ਵਾਰ ਫਿਰ ਰਿਸ਼ਤੇ ਸੁਧਾਰਨ ਦੀ ਕਵਾਇਦ ਸ਼ੁਰੂ ਕਰਦਿਆਂ ਦੋਵਾਂ ਦੇਸ਼ਾਂ ਦੇ ‘ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼’ (ਡੀ.ਜੀ.ਐੱਮ.ਓ.) ਪੱਧਰ ਦੀ ਬੈਠਕ ਕੀਤੀ ਗਈ | ਬੈਠਕ ‘ਚ ਤੈਅ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਾਰੇ ਪੁਰਾਣੇ ਸਮਝੌਤਿਆਂ ਨੂੰ ਮੁੜ ਤੋਂ ਅਮਲ ‘ਚ ਲਿਆਂਦਾ ਜਾਵੇਗਾ | ਬੈਠਕ ਤੋਂ ਬਾਅਦ ਦੋਵਾਂ ਦੇਸ਼ਾਂ ਵਲੋਂ ਜਾਰੀ ਸਾਂਝੇ ਬਿਆਨ ‘ਚ ਰਿਸ਼ਤੇ ਸੁਧਾਰਨ ਲਈ 3 ਨੁਕਤਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਤਹਿਤ ਇਕ ਹਾਟਲਾਈਨ ਸੰਪਰਕ ਵਿਵਸਥਾ ਤਿਆਰ ਕੀਤੀ ਜਾਵੇਗੀ, ਜਿਸ ਦੀ ਮਦਦ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਮੇਂ-ਸਮੇਂ ‘ਤੇ ਗੱਲਬਾਤ ਹੋ ਸਕੇ | ਸਾਂਝੇ ਬਿਆਨ ਮੁਤਾਬਿਕ ਦੋਵਾਂ ਧਿਰਾਂ ਵਲੋਂ ਰੈਗੂਲਰ ਫਲੈਗ ਮੀਟਿੰਗ ਮੁੜ ਤੋਂ ਸ਼ੁਰੂ ਕਰਨ ‘ਤੇ ਰਜ਼ਾਮੰਦੀ ਪ੍ਰਗਟਾਈ ਗਈ ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਆਈ ਗ਼ਲਤ ਫਹਿਮੀ ਨੂੰ ਦੂਰ ਕੀਤਾ ਜਾ ਸਕੇ | ਇਸ ਤੋਂ ਇਲਾਵਾ ਗੋਲੀਬੰਦੀ ਦੀ ਉਲੰਘਣਾ, ਘੁਸਪੈਠ ਜਿਹੇ ਹੋਰ ਮਾਮਲਿਆਂ ਨੂੰ ਵੀ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਗੋਲੀਬੰਦੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਨਵੰਬਰ 2003 ‘ਚ ਸਮਝੌਤਾ ਹੋਇਆ ਸੀ | ਦੋਵਾਂ ਧਿਰਾਂ ਵਲੋਂ 3 ਸਾਲ ਤੱਕ ਗੋਲੀਬੰਦੀ ਦੀ ਪਾਲਣਾ ਕੀਤੀ ਗਈ | ਵੀਰਵਾਰ ਨੂੰ ਹੋਈ ਗੱਲਬਾਤ ‘ਚ ਗੋਲੀਬੰਦੀ ਦੀ ਉਲੰਘਣਾ ਤੋਂ ਇਲਾਵਾ ਕਸ਼ਮੀਰ ਮੁੱਦੇ ‘ਤੇ ਵੀ ਗੱਲ ਹੋਈ |


Share