ਭਾਰਤ ’ਚ ਕੋਵਿਡ-19 ਦੇ ਨਵੇਂ ਖਤਰਨਾਕ ਵੇਰੀਐਂਟ ਦੀ ਦਸਤਕ ਕਾਰਨ ਖੌਫ

239
Share

ਨਵੀਂ ਦਿੱਲੀ, 25 ਮਾਰਚ (ਪੰਜਾਬ ਮੇਲ)-ਭਾਰਤ ’ਚ ਕੋਵਿਡ-19 ਦੇ ਨਵੇਂ ਖ਼ਤਰਨਾਕ ਵੇਰੀਐਂਟ ਦੀ ਦਸਤਕ ਕਾਰਨ ਖ਼ੌਫ਼ ਵਾਲਾ ਮਾਹੌਲ ਹੈ। ਇਹ ਉਹ ਵਾਇਰਸ ਹੈ ਜੋ ਪਹਿਲਾਂ ਯੂ. ਕੇ., ਬ੍ਰਾਜ਼ੀਲ ਤੇ ਅਫ਼ਰੀਕਾ ਵਿਚ ਮਿਲਿਆ ਸੀ। ਬੁੱਧਵਾਰ ਨੂੰ ਸਿਹਤ ਅਫ਼ਸਰਾਂ ਨੇ ਉਕਤ ਖ਼ੁਲਾਸਾ ਕੀਤਾ। ਵੈਸੇ ਸਿਹਤ ਮੰਤਰਾਲੇ ਦੇ ਅਧਿਕਾਰੀ ਤੇ ਮਾਹਿਰ ਇਸ ਨੂੰ ਭਾਰਤ ਵਿਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨਾਲ ਜੋੜ ਕੇ ਦੇਖਣ ਵਿਚ ਚੌਕਸੀ ਵਰਤ ਰਹੇ ਹਨ। ਦੱਸਣਯੋਗ ਹੈ ਕਿ ਭਾਰਤ ’ਚ ਕੋਵਿਡ ਦੇ ਕੇਸ ਸਤੰਬਰ ਤੋਂ ਕਾਫ਼ੀ ਘੱਟ ਚੱਲ ਰਹੇ ਸਨ ਅਤੇ ਜ਼ਿੰਦਗੀ ਦੀ ਗੱਡੀ ਪਟੜੀ ਉੱਤੇ ਆ ਰਹੀ ਸੀ ਪਰ ਬੀਤੇ ਮਹੀਨੇ ਹਾਲਾਤ ਨੇ ਇਕਦਮ ਪਲਟਾ ਖਾਧਾ ਅਤੇ ਕੇਸ ਵਧਣੇ ਸ਼ੁਰੂ ਹੋ ਗਏ। ਇਹੀ ਨਹੀਂ ਬੀਤੇ 24 ਘੰਟਿਆਂ ਵਿਚ ਭਾਰਤ ਵਿਚ 47 ਹਜ਼ਾਰ ਤੋਂ ਵੱਧ ਕੋਵਿਡ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 275 ਮੌਤਾਂ ਹੋ ਗਈਆਂ ਹਨ। ਇਹ ਅੰਕੜਾ ਬੀਤੇ 4 ਮਹੀਨਿਆਂ ਵਿਚ ਸਭ ਤੋਂ ਵੱਡਾ ਹੈ। 30 ਦਸੰਬਰ ਤੱਕ ਭਾਰਤ ਵਿਚ ਲਏ ਗਏ 11000 ਸੈਪਲਾਂ ’ਚੋਂ 7 ਫ਼ੀਸਦੀ ਵਿਚ ਹੀ ਯੂ.ਕੇ., ਬ੍ਰਾਜ਼ੀਲ ਤੇ ਅਫ਼ਰੀਕਾ ’ਚ ਮਿਲੇ ਚਿੰਤਾਜਨਕ ਵਾਇਰਸ ਪਾਇਆ ਗਿਆ ਸੀ ਪਰ ਹੁਣ ਇਹ ਦਰ ਬਹੁਤ ਜ਼ਿਆਦਾ ਹੈ। ਵਾਇਰਸ ਲਈ ਖੋਜ ਦੇ 10 ਕੇਂਦਰਾਂ ਵਿਚੋਂ ਇਕ ਸੈਂਟਰ ਫਾਰ ਸੈਲੂਲਰ ਐਂਡ ਮੋਲੇਕੂਲਰ ਬਾਇਓਲਾਜੀ ਦੇ ਡਾਇਰੈਕਟਰ ਡਾ. ਰਾਕੇਸ਼ ਮਿਸ਼ਰਾ ਨੇ ਕਿਹਾ ਕਿ ਭਾਰਤ ’ਚ ਮਿਲਿਆ ਨਵਾਂ ਵਾਇਰਸ ਕਿਤੇ ਵੱਧ ਤੇਜ਼ੀ ਨਾਲ ਫੈਲਦਾ ਹੈ।
ਸਿਹਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਹੈ ਕਿ ਇਹ ਵੇਰੀਐਂਟ ਮਹਾਰਾਸ਼ਟਰ ਸੂਬੇ ’ਚ ਲਏ ਗਏ ਸੈਂਪਲਾਂ ਵਿਚੋਂ 15 ਤੋਂ 20 ਫ਼ੀਸਦੀ ਵਿਚ ਹੀ ਮਿਲਿਆ ਹੈ। ਇਹ ਉਹ ਸੂਬਾ ਹੈ, ਜਿਸ ਦੀ ਰਾਜਧਾਨੀ ਨੂੰ ਭਾਰਤ ਦੀ ਵਿੱਤੀ ਰਾਜਧਾਨੀ ਕਿਹਾ ਜਾਂਦਾ ਹੈ। ਤ੍ਰਾਸਦੀ ਇਹ ਹੈ ਕਿ ਇਸ ਸੂਬੇ ਵਿਚ ਭਾਰਤ ਦੇ ਕੁੱਲ ਕੋਵਿਡ ਕੇਸਾਂ ਦਾ 60 ਫ਼ੀਸਦੀ ਹਿੱਸਾ ਹੈ।
ਨਵੀਂ ਦਿੱਲੀ ’ਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਮੁਖੀ ਸੁਜੀਤ ਸਿੰਘ ਨੇ ਦੱਸਿਆ ਕਿ ਮਹਾਰਾਸ਼ਟਰ ਦਾ ਨਾਗਪੁਰ ਸ਼ਹਿਰ ਇਸ ਨਵੇਂ ਵੇਰੀਐਂਟ ਤੋਂ ਬਹੁਤ ਪ੍ਰਭਾਵਿਤ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਬਹੁਤ ਚਿੰਤਤ ਹਨ ਕਿਉਂਕਿ ਉਨ੍ਹਾਂ ਦੌਰਾਨ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ, ਜੋ ਕਿ ਕੋਵਿਡ-19 ਦੇ ਮਾਮਲਿਆਂ ਨੂੰ ਹੋਰ ਤੇਜ਼ੀ ਨਾਲ ਵਧਾਉਣ ਦਾ ਕੰਮ ਕਰੇਗੀ। ਭਾਵੇਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖ਼ਤ ਪਾਬੰਦੀਆਂ ਲਾਉਣ ਲਈ ਲਿਖਿਆ ਹੋਇਆ ਹੈ ਪਰ ਲੋਕ ਕਿੱਥੇ ਮੰਨ ਰਹੇ ਹਨ। ਭਾਰਤ ਦੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲਾਜੀ ਦੇ ਡਾ. ਵਿਨੀਤਾ ਬੱਲ ਨੇ ਕਿਹਾ ਕਿ ਲੋਕਾਂ ਦੇ ਲਾਪ੍ਰਵਾਹ ਵਤੀਰੇ ਅਤੇ ਵੈਕਸੀਨ ਲਗਾਉਣ ਦੀ ਮੱਠੀ ਰਫ਼ਤਾਰ ਸਾਡੀ ਚਿੰਤਾ ’ਚ ਇਜ਼ਾਫਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕੀ ਬੀਤੇ ਸਾਲ ਲੋਕ ਇਸ ਵਾਇਰਸ ਤੋਂ ਸਾਵਧਾਨ ਸਨ ਪਰ ਹੁਣ ਉਹ ਲਾਪ੍ਰਵਾਹੀ ਵਰਤ ਰਹੇ ਹਨ। ਉਹ ਮਾਸਕ ਨਹੀਂ ਪਾ ਰਹੇ। ਜੇ ਪਾ ਵੀ ਰਹੇ ਹਨ, ਤਾਂ ਉਹ ਨੱਕ-ਮੂੰਹ ਢਕਣ ਦੀ ਥਾਂ ਦਾੜ੍ਹੀ ਨੂੰ ਢਕ ਰਿਹਾ ਹੈ।
ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਦੇੇਕਰ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਰਤ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਟੀਕਾ ਲਗਾਉਣ ਦਾ ਕੰਮ ਸ਼ੁਰੂ ਕਰੇਗਾ। ਅਜੇ ਤੱਕ, ਭਾਰਤ ਦਾ ਟੀਕਾਕਰਨ ਸਿਰਫ਼ ਬਜ਼ੁਰਗਾਂ ਜਾਂ ਉਨ੍ਹਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਉੱਤੇ ਕੇਂਦਰਿਤ ਸੀ, ਜੋ ਦਿਲ ਦੀਆਂ ਬਿਮਾਰੀਆਂ ਜਾਂ ਡਾਇਬਟੀਜ਼ ਤੋਂ ਪੀੜਤ ਸਨ। ਹੁਣ ਇਹ ਵੈਕਸੀਨ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਜਦਕਿ ਪ੍ਰਾਈਵੇਟ ਹਸਪਤਾਲਾਂ ’ਚ 250 ਰੁਪਏ (4.32 ਕੈਨੇਡੀਅਨ ਡਾਲਰ) ਵਿਚ ਪੇਸ਼ ਕੀਤੀ ਜਾ ਰਹੀ ਹੈ। ਭਾਰਤ ਨੇ 2 ਵੈਕਸੀਨਾਂ ਮਸਲਨ ਸੀਰਮ ਇੰਸਟੀਚਿਊਟ ਵੱਲੋਂ ਸਥਾਨਕ ਪੱਧਰ ’ਤੇ ਬਣਾਈ ਗਈ ਐਸਟਰਾਜ਼ੈਨੇਕਾ ਵੈਕਸੀਨ ਅਤੇ ਭਾਰਤੀ ਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਦੇ ਟੀਕੇ ਦੀ ਵਰਤੋਂ ਨੂੰ ਹਰੀ ਝੰਡੀ ਦਿੱਤੀ ਹੋਈ ਹੈ। ਜਾਵਦੇੇਕਰ ਨੇ ਇਹ ਵੀ ਕਿਹਾ ਕਿ ਐਸਟਰਾਜ਼ੈਨੇਕਾ ਵੈਕਸੀਨ ਦੀਆਂ ਦੋ ਖ਼ੁਰਾਕਾਂ ਵਿਚਾਲੇ ਫ਼ਰਕ 8 ਹਫ਼ਤਿਆਂ ਤੱਕ ਵਧਾਇਆ ਜਾਵੇਗਾ, ਜਦਕਿ ਇਸ ਦੀ ਸਲਾਹ 4 ਤੋਂ 6 ਹਫ਼ਤਿਆਂ ਤਕ ਦਿੱਤੀ ਜਾਂਦੀ ਹੈ।

Share