ਭਾਰਤ-ਚੀਨ ਦੀਆਂ ਫੌਜਾਂ ਐੱਲ.ਏ.ਸੀ. ਤੋਂ ਪਿੱਛੇ ਹਟਣ ਲਈ ਸਹਿਮਤ ਹੋਈਆਂ

210
ਲੇਹ 'ਚ ਪਹਾੜਾਂ 'ਚ ਪੈਦਲ ਜਾ ਰਹੇ ਭਾਰਤੀ ਜਵਾਨ।
Share

* ਸੁਹਿਰਦ, ਸਕਾਰਾਤਮਕ ਤੇ ਉਸਾਰੂ ਮਾਹੌਲ ‘ਚ ਗੱਲਬਾਤ ਹੋਣ ਦਾ ਦਾਅਵਾ
* ਦੋਵੇਂ ਧਿਰਾਂ ਐੱਲ.ਏ.ਸੀ. ਤੋਂ ਪਿੱਛੇ ਹਟਣ ਦੇ ਤੌਰ-ਤਰੀਕਿਆਂ ਨੂੰ ਦੇਣਗੀਆਂ ਅਮਲੀ ਰੂਪ
ਨਵੀਂ ਦਿੱਲੀ, 24 ਜੂਨ (ਪੰਜਾਬ ਮੇਲ)- ਭਾਰਤ ਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ ਬੀਤੇ ਦਿਨੀਂ ਹੋਈ ਮੀਟਿੰਗ ਦੌਰਾਨ ਦੋਵਾਂ ਮੁਲਕਾਂ ਦੀਆਂ ਫੌਜਾਂ ਪੂਰਬੀ ਲੱਦਾਖ ਵਿਚ ਤਲਖ਼ੀ ਵਾਲੇ ਖੇਤਰਾਂ ਵਿਚੋਂ ਪਿੱਛੇ ਹਟਣ ‘ਤੇ ਸਹਿਮਤ ਹੋ ਗਈਆਂ ਹਨ। ਅਧਿਕਾਰਤ ਸੂਤਰਾਂ ਨੇ ਕਿਹਾ 11 ਘੰਟਿਆਂ ਦੇ ਕਰੀਬ ਚੱਲੀ ਗੱਲਬਾਤ ‘ਸੁਹਿਰਦ, ਸਕਾਰਾਤਮਕ ਅਤੇ ਉਸਾਰੂ ਮਾਹੌਲ’ ਵਿਚ ਹੋਈ ਤੇ ਇਸ ਦੌਰਾਨ ਫੈਸਲਾ ਹੋਇਆ ਕਿ ਦੋਵੇਂ ਧਿਰਾਂ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਸਾਰੇ ਟਿਕਾਣਿਆਂ ਤੋਂ ਪਿੱਛੇ ਹਟਣ ਦੇ ਤੌਰ-ਤਰੀਕਿਆਂ ਨੂੰ ਅਮਲੀ ਰੂਪ ਦੇਣਗੀਆਂ।
ਸੋਮਵਾਰ ਨੂੰ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਤਿੱਬਤ ਮਿਲਟਰੀ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲੂ ਲਿਨ ਨੇ ਪਿਛਲੇ ਹਫਤੇ ਭਾਰਤ ਅਤੇ ਚੀਨੀ ਫੌਜ ਵਿਚਾਲੇ ਗਲਵਾਨ ਵਾਦੀ ‘ਚ ਹੋਈ ਹਿੰਸਕ ਝੜਪ ਮਗਰੋਂ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਤਕਰੀਬਨ 11 ਘੰਟਿਆਂ ਤੱਕ ਗੱਲਬਾਤ ਕੀਤੀ ਸੀ। ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ‘ਟਕਰਾਅ ਤੋਂ ਪਿੱਛੇ ਹਟਣ ਲਈ ਆਪਸੀ ਸਮਝੌਤਾ ਹੋਇਆ ਹੈ।’ ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪੇਈਚਿੰਗ ਵਿਚ ਕਿਹਾ ਕਿ ਦੋਵੇਂ ਧਿਰਾਂ ਬਕਾਇਆ ਮੁੱਦਿਆਂ ‘ਤੇ ਲੰਮੀ ਵਿਚਾਰ ਚਰਚਾ ਮਗਰੋਂ ਅਸਲ ਕੰਟਰੋਲ ਰੇਖਾ ‘ਤੇ ਸਿਖਰ ‘ਤੇ ਪੁੱਜੀ ਤਲਖੀ ਨੂੰ ਘਟਾਉਣ ਲਈ ਲੋੜੀਂਦੀ ਪੇਸ਼ਕਦਮੀ ਲਈ ਸਹਿਮਤ ਹੋ ਗਈਆਂ ਹਨ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਦੇ ਲੋਕਾਂ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਦੌਰਾਨ ਭਾਰਤੀ ਵਫ਼ਦ ਨੇ ਗਲਵਾਨ ਘਾਟੀ ਵਿਚ ਭਾਰਤੀ ਸਲਾਮਤੀ ਦਸਤਿਆਂ ‘ਤੇ ਕੀਤੇ ਹਮਲੇ ਨੂੰ ਚੀਨੀ ਫੌਜੀਆਂ ਦੀ ‘ਸੋਚੀ ਸਮਝੀ ਸਾਜ਼ਿਸ਼’ ਦੱਸਦਿਆਂ ਜ਼ੋਰਦਾਰ ਵਿਰੋਧ ਕੀਤਾ। ਭਾਰਤੀ ਵਫ਼ਦ ਨੇ ਦੋਵਾਂ ਧਿਰਾਂ ਵੱਲੋਂ ਐੱਲ.ਏ.ਸੀ. ਤੋਂ ਫੌਜਾਂ ਪਿੱਛੇ ਹਟਾਉਣ ਦੀ ਸਲਾਹ ਵੀ ਦਿੱਤੀ। ਸੂਤਰਾਂ ਨੇ ਕਿਹਾ ਕਿ ਜ਼ਮੀਨੀ ਕਮਾਂਡਰ ਅਗਲੇ ਕੁਝ ਹਫ਼ਤਿਆਂ ‘ਚ ਲੜੀਵਾਰ ਮੀਟਿੰਗਾਂ ਕਰਕੇ ਫੌਜਾਂ ਨੂੰ ਪਿੱਛੇ ਹਟਾਉਣ ਸਬੰਧੀ ਵਿਸਥਾਰਤ ਖਰੜੇ ਨੂੰ ਅੰਤਿਮ ਰੂਪ ਦੇਣਗੇ। ਗਲਵਾਨ ਘਾਟੀ ਝੜਪ ਮਗਰੋਂ ਦੋਵੇਂ ਧਿਰਾਂ ਕਸ਼ੀਦਗੀ ਨੂੰ ਘਟਾਉਣ ਲਈ ਮੇਜਰ ਜਨਰਲ ਪੱਧਰ ਦੀ ਘੱਟੋ-ਘੱਟ ਤਿੰਨ ਗੇੜਾਂ ਦੀ ਗੱਲਬਾਤ ਕਰ ਚੁੱਕੀਆਂ ਹਨ। ਲੈਫਟੀਨੈਂਟ ਜਨਰਲ ਪੱਧਰ ਦੇ ਪਹਿਲੇ ਗੇੜ ਦੀ ਗੱਲਬਾਤ 6 ਜੂਨ ਨੂੰ ਹੋਈ ਸੀ, ਜਿਸ ਵਿਚ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿਚ ਐੱਲ.ਏ.ਸੀ. ਦੇ ਨਾਲ ਗਲਵਾਨ ਘਾਟੀ ਸਮੇਤ ਚਾਰ ਵੱਖ-ਵੱਖ ਥਾਈਂ ਜਾਰੀ ਟਕਰਾਅ ਨੂੰ ਘਟਾਉਣ ਲਈ ਇਕ ਕਰਾਰ ਨੂੰ ਅੰਤਿਮ ਰੂਪ ਦਿੱਤਾ ਸੀ। ਪਰ 15 ਜੂਨ ਨੂੰ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਮਗਰੋਂ ਦੋਵਾਂ ਧਿਰਾਂ ਨੇ ਐੱਲ.ਏ.ਸੀ. ਦੇ ਨਾਲ ਲੱਗਦੇ ਬਹੁਤੇ ਖੇਤਰਾਂ ‘ਚ ਫੌਜੀ ਨਫ਼ਰੀ ਵਧਾ ਦਿੱਤੀ ਸੀ।
ਚੀਨ ਨੇ ਆਪਣੇ 40 ਜਵਾਨ ਮਾਰੇ ਜਾਣ ਦੀ ਖ਼ਬਰ ਨੂੰ ਫਰਜ਼ੀ ਕਰਾਰ ਦਿੱਤਾ 
ਭਾਰਤ ਤੇ ਚੀਨ ਦੇ ਫੌਜੀਆਂ ਵਿਚਾਲੇ ਗਲਵਾਨ ਘਾਟੀ ‘ਚ ਹੋਈ ਝੜਪ ‘ਚ ਆਪਣੇ 40 ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਚੀਨ ਨੇ ਫਰਜ਼ੀ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਗਲਵਾਨ ਝੜਪ ‘ਚ ਚੀਨ ਦੇ 40 ਜਵਾਨ ਹਲਾਕ ਹੋਣ ਦੀ ਖ਼ਬਰ ਪੂਰੀ ਤਰ੍ਹਾਂ ਫਰਜ਼ੀ ਹੈ।


Share