ਭਾਰਤ-ਅਮਰੀਕਾ ਸਬੰਧ ਹੋਰ ਗੂੜ੍ਹੇ ਹੋਣਗੇ

277
Share

ਨਵੀਂ ਦਿੱਲੀ, 22 ਜਨਵਰੀ (ਪੰਜਾਬ ਮੇਲ)- ਜੋਅ ਬਾਇਡਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਹੁਣ ਚੀਨ ਵੱਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਾਹਮਣਾ ਸਾਂਝੇ ਤੌਰ ’ਤੇ ਕਰਨ ਲਈ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਹੋਰ ਗੂੜ੍ਹੇ ਹੋਣ ਦੀ ਸੰਭਾਵਨਾ ਹੈ। ਸਾਬਕਾ ਕੂਟਨੀਤਕਾਂ ਅਤੇ ਸੁਰੱਖਿਆ ਮਾਹਿਰਾਂ ਨੇ ਆਸ ਜਤਾਈ ਕਿ ਦੋਵੇਂ ਮੁਲਕਾਂ ਵਿਚਕਾਰ ਰਣਨੀਤਕ ਅਤੇ ਰੱਖਿਆ ਸਹਿਯੋਗ ਹੋਰ ਵਧੇਗਾ। ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਏਸ਼ੀਆ ਬਾਰੇ ਸਪੱਸ਼ਟ ਸੰਕੇਤ ਦਿੰਦਿਆਂ ਕਿਹਾ ਹੈ ਕਿ ਉਹ ਚੀਨ ਨਾਲ ਸਖ਼ਤੀ ਵਰਤਣਗੇ। ਸਾਬਕਾ ਕੂਟਨੀਤਕ ਅਰੁਣ ਸਿੰਘ ਨੇ ਕਿਹਾ ਕਿ ਭਾਰਤ ਨੂੰ ਚੀਨ ਤੋਂ ਮਿਲ ਰਹੀ ਚੁਣੌਤੀ ਅਤੇ ਅਮਰੀਕਾ ਨੂੰ ਕਮਿਊਨਿਸਟ ਮੁਲਕ ਤੋਂ ਆਰਥਿਕ, ਤਕਨਾਲੋਜੀ ਅਤੇ ਫ਼ੌਜੀ ਉਭਾਰ ਦੇ ਖ਼ਤਰੇ ਕਾਰਨ ਉਹ ਇਕੱਠਿਆਂ ਰਲ ਕੇ ਕਦਮ ਅਗਾਂਹ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਸਾਗਰ ਖਿੱਤੇ ’ਚ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਆਸ ਹੈ। ਸਫ਼ੀਰ ਰਾਜੀਵ ਭਾਟੀਆ ਨੇ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਬਣੇ ਚੌਤਰਫ਼ਾ ਸਬੰਧ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਰਣਨੀਤਕ ਮਾਮਲਿਆਂ ਦੇ ਉੱਘੇ ਮਾਹਿਰ ਜੀ ਪਾਰਥਾਸਾਰਥੀ ਨੇ ਕਿਹਾ ਕਿ ਚੀਨ ਦੇ ਏਸ਼ਿਆਈ ਮੁਲਕਾਂ ਖ਼ਿਲਾਫ਼ ਹਮਲਾਵਰ ਰੁਖ ਨਾਲ ਟਾਕਰੇ ਲਈ ਬਾਇਡਨ ਦੀਆਂ ਨੀਤੀਆਂ ’ਚ ਝਲਕ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਆਪਣੇ ਹਿੱਤਾਂ ਲਈ ਕੰਮ ਕਰਨਾ ਪਵੇਗਾ। ਸਾਬਕਾ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਲੈਫ਼ਟੀਨੈਂਟ ਜਨਰਲ ਸਬ੍ਰਤਾ ਸਾਹਾ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਰਣਨੀਤਕ ਸਬੰਧ ਪਹਿਲਾਂ ਵਾਂਗ ਕਾਇਮ ਰਹਿਣਗੇ ਅਤੇ ਆਪਸੀ ਸਹਿਯੋਗ ਹੋਰ ਵਧੇਗਾ।

Share