ਭਾਰਤੀ ਫ਼ੌਜੀ ਜਵਾਨਾਂ ਨੂੰ ਉਕਸਾਉਣ ਲਈ ਗੁਰਪਤਵੰਤ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

288
Share

ਕੁਰਾਲੀ, 22 ਜੂਨ (ਪੰਜਾਬ ਮੇਲ)- ਰੈਫਰੈਂਡਮ 2020 ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੁਰਾਲੀ ਪੁਲਿਸ ਨੇ ਦੇਸ਼ਧ੍ਰੋਹ ਅਤੇ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਆਪਣੇ ਦੇਸ਼ ਵਿਰੁੱਧ ਉਕਸਾਉਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਨ ਦੀ ਪ੍ਰਕਿਰਿਆ ਸਦਰ ਥਾਣਾ ਕੁਰਾਲੀ ਵਿਚ ਹੋਈ। ਡੀ.ਐੱਸ.ਪੀ. ਮੁੱਲਾਂਪੁਰ ਅਮਰੋਜ ਸਿੰਘ ਮੁਤਾਬਕ ਪੁਲਿਸ ਦੇ ਹੱਥ ਇਕ ਪ੍ਰੀ-ਰਿਕਾਰਡਿਡ ਮੈਸੇਜ ਲੱਗਿਆ ਹੈ, ਜਿਸ ਵਿਚ ਪੰਨੂ ਭਾਰਤੀ ਫ਼ੌਜ ਵਿਚ ਕੰਮ ਕਰ ਰਹੇ ਸਿੱਖ ਜਵਾਨਾਂ ਨੂੰ ਉਕਸਾ ਰਿਹਾ ਹੈ। ਸੁਨੇਹੇ ਵਿਚ ਉਸ ਨੇ ਜਵਾਨਾਂ ਨੂੰ ਕਿਹਾ ਕਿ 1947 ਤੋਂ ਸਿੱਖਾਂ ‘ਤੇ ਅੱਤਿਆਰਚਾਰ ਹੋ ਰਿਹਾ ਹੈ, ਅਜਿਹੇ ਵਿਚ ਇਸ ਦੇਸ਼ ਖਾਤਰ ਉਨ੍ਹਾਂ ਨੂੰ ਆਪਣੀ ਜਾਨ ਨਹੀਂ ਦੇਣੀ ਚਾਹੀਦੀ ।
ਉਸ ਨੇ ਉਨ੍ਹਾਂ ਨੂੰ ਭਾਰਤੀ ਫ਼ੌਜ ਨੂੰ ਛੱਡਣ ਲਈ ਵੀ ਕਿਹਾ। ਉਸ ਨੇ ਸਿੱਖ ਜਵਾਨਾਂ ਨੂੰ ਇੱਥੋਂ ਤੱਕ ਲਾਲਚ ਦਿੱਤਾ ਕਿ ਉਨ੍ਹਾਂ ਨੂੰ ਜਿੰਨੀ ਤਨਖ਼ਾਹ ਭਾਰਤੀ ਫ਼ੌਜ ‘ਚ ਮਿਲ ਰਹੀ ਹੈ, ਉਸ ਤੋਂ ਪੰਜ ਹਜ਼ਾਰ ਰੁਪਏ ਜ਼ਿਆਦਾ ਦਿੱਤੀ ਜਾਵੇਗੀ। ਪੰਨੂ ਨੇ ਸਿੱਖ ਜਵਾਨਾਂ ਨੂੰ ਖਾਲਿਸਤਾਨ ਦੇ ਮਾਮਲੇ ‘ਚ ਉਨ੍ਹਾਂ ਨਾਲ ਜੁੜਣ ਲਈ ਕਿਹਾ ਹੈ।
ਪੰਨੂ ਨੇ ਸੋਸ਼ਲ ਮੀਡੀਆ ‘ਤੇ ਇਕ ਪੱਤਰ ਜਾਰੀ ਕਰਕੇ ਲੱਦਾਖ ਵਿਚ ਸਥਿਤ ਅੰਤਰਰਾਸ਼ਟਰੀ ਬਾਰਡਰ ‘ਤੇ ਚੀਨ ਖ਼ਿਲਾਫ਼ ਭਾਰਤ ਵਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਵੀ ਕੀਤੀ ਸੀ। ਆਈ.ਜੀ. ਰੋਪੜ ਰੇਂਜ ਅਮਿਤ ਪ੍ਰਸ਼ਾਦ ਨੇ ਪੰਨੂ ਖ਼ਿਲਾਫ਼ ਭਾਰਤੀ ਜਵਾਨਾਂ ਨੂੰ ਉਕਸਾਉਣ ਲਈ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।


Share