ਭਾਰਤੀ ਮੂਲ ਦੀ ਨੀਰਾ ਟੰਡਨ ਨਿਭਾਏਗੀ ਵਾਈਟ ਹਾਊਸ ਵਿੱਚ ਅਹਿਮ ਭੂਮਿਕਾ

266
Share

ਫਰਿਜ਼ਨੋ, 23 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਸਨਮਾਨਜਨਕ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਲੜੀ ਤਹਿਤ ਭਾਰਤੀ ਮੂਲ ਦੀ ਨੀਰਾ ਟੰਡਨ ਵਾਈਟ ਹਾਊਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ। ਆਪਣੀ ਨਵੀਂ ਭੂਮਿਕਾ ਵਿੱਚ 51 ਸਾਲਾਂ ਨੀਰਾ ਵਾਈਟ ਹਾਊਸ ਦੀ ਸਟਾਫ ਸੈਕਟਰੀ ਵਜੋਂ ਕੰਮ ਕਰਗੀ। ਇਹ ਭੂਮਿਕਾ ਨੀਰਾ ਨੂੰ ਇਹ ਫੈਸਲਾ ਕਰਨ ਦੀ ਆਗਿਆ ਦੇਵੇਗੀ ਕਿ ਕਿਹੜੇ  ਦਸਤਾਵੇਜ਼ ਅਤੇ ਬਾਹਰੀ ਕਮਿਊਨੀਕੇਸ਼ਨ ਰਾਸ਼ਟਰਪਤੀ ਬਾਈਡੇਨ ਤੱਕ ਪਹੁੰਚ ਸਕਦੇ ਹਨ। ਸਟਾਫ ਸੈਕਟਰੀ ਦੀ ਭੂਮਿਕਾ ਵਾਈਟ ਹਾਊਸ ਦੀ ਕੇਂਦਰੀ ਮਹੱਤਵਪੂਰਨ ਪ੍ਰਣਾਲੀ ਹੈ ਅਤੇ ਇਹ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੀ ਹੈ। ਨੀਰਾ ਕੋਲ ਪਾਲਿਸੀ ਅਤੇ ਮੈਨੇਜਮੈਂਟ ਵਿੱਚ ਦੋ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ।  ਘਰੇਲੂ, ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੀਤੀ ਵਿੱਚ ਉਸਦਾ ਤਜਰਬਾ ਇਸ ਨਵੀਂ ਭੂਮਿਕਾ ਵਿੱਚ ਸੋਨੇ ‘ਤੇ ਸੁਹਾਗਾ ਹੋਵੇਗਾ। ਆਪਣੀ ਇਸ ਨਵੀਂ ਭੂਮਿਕਾ ਲਈ ਨੀਰਾ ਸਾਬਕਾ ਫੇਸਬੁੱਕ ਅਟਾਰਨੀ ਜੈਸਿਕਾ ਹਰਟਜ਼ ਦੀ ਥਾਂ ਲਵੇਗੀ, ਜਿਸ ਨੇ ਹਾਲ ਹੀ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਨੀਰਾ ਨੇ ਮਾਰਚ ਵਿੱਚ ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੀ ਅਗਵਾਈ ਕਰਨ ਲਈ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ ਜਦੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਸੈਨੇਟ ਉਸਦੀ ਪੁਸ਼ਟੀ ਨਹੀਂ ਕਰੇਗੀ।

Share