ਭਾਰਤੀ ਦੀ ਲਾਸ਼ ਹਿੰਦੂ ਹੋਣ ਦੇ ਬਾਵਜੂਦ ਵੀ ਜਾਵੇਗੀ ਦਫ਼ਨਾਈ

ਨਿਊਯਾਰਕ, 18 ਜੁਲਾਈ (ਪੰਜਾਬ ਮੇਲ)-ਇੱਕ ਭਾਰਤੀ ਵਿਅਕਤੀ ਦੀ ਅਮਰੀਕਾ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹੁਣ ਇਸ ਸ਼ਖਸ ਦੀ ਲਾਸ਼ ਨੂੰ ਦਫ਼ਨਾਇਆ ਜਾ ਸਕਦਾ ਹੈ ਕਿਉਂਕਿ ਉਸ ਦੀ ਪਤਨੀ ਕੋਮਾ ਵਿੱਚ ਹੈ ਅਤੇ ਬਿਨਾ ਉਸ ਦੀ ਸਹਿਮਤੀ ਦੇ ਲਾਸ਼ ਨੂੰ ਅਗਨੀ ਭੇਟ ਨਹੀਂ ਕੀਤਾ ਜਾ ਸਕਦਾ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਨਿਊਯਾਰਕ ਵਿੱਚ ਭਾਰਤੀ ਮਹਾ ਵਣਜ ਦੂਤ ਰੀਵਾ ਗਾਂਗੁਲੀ ਨੇ ਹਾਦਸੇ ਵਿੱਚ ਮਾਰੇ ਗਏ ਚੰਦਨ ਗਵਈ ਦੀ ਲਾਸ਼ ਨੂੰ ਤਦ ਤੱਕ ਦਫ਼ਨਾਏ ਜਾਣ ਦਾ ਪ੍ਰਸਤਾਵ ਰੱਖਿਆ ਹੈ, ਜਦ ਤੱਕ ਉਸ ਦੀ ਪਤਨੀ ਮਨੀਸ਼ਾ ਸੁਰਵਾੜੇ ਕੋਮਾ ਵਿੱਚੋਂ ਬਾਹਰ ਨਹੀਂ ਨਿਕਲ ਜਾਂਦੀ। ਇਸ ਹਾਦਸੇ ਵਿੱਚ ਚੰਦਨ ਦੇ ਮਾਤਾ-ਪਿਤਾ ਦੀ ਵੀ ਮੌਤ ਹੋ ਗਈ ਸੀ। 38 ਸਾਲ ਦੇ ਆਈਟੀ ਪ੍ਰੋਫੈਸ਼ਨਲ ਗਵਈ ਅਤੇ ਇਨ੍ਹਾਂ ਦੇ ਮਾਪੇ ਕਮਲਨਯਨ ਗਵਈ (74 ਸਾਲ), ਅਰਚਨਾ ਗਵਈ (60 ਸਾਲ) ਕਾਰ ਰਾਹੀਂ ਚਾਰ ਜੁਲਾਈ ਨੂੰ ਆਤਿਸ਼ਬਾਜ਼ੀ ਦੇਖ ਕੇ ਪਰਤ ਰਹੇ ਸਨ। ਇਸੇ ਦੌਰਾਨ ਕਾਰ ਨੂੰ ਇੱਕ ਪਿਕਅਪ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਚੰਦਨ ਅਤੇ ਉਸ ਦੇ ਮਾਤਾ-ਪਿਤਾ ਮੌਕੇ ‘ਤੇ ਹੀ ਮਾਰੇ ਗਏ। ਟਰੱਕ ਡਰਾਈਵਰ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਦੋਵਾਂ ਗੱਡੀਆਂ ਨੂੰ ਅੱਗ ਲੱਗ ਗਈ। 32 ਸਾਲ ਦੀ ਸੁਰਵਾੜੇ ਕੋਮਾ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਉਹ ਸੜਨ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੈ। ਉਸ ਦੇ ਸਿਰ ਵਿੱਚ ਵੀ ਸੱਟ ਲੱਗੀ ਹੈ। ਹਾਲਾਂਕਿ ਇਨ੍ਹਾਂ ਦਾ ਗਿਆਰਾਂ ਮਹੀਨੇ ਦਾ ਬੱਚਾ ਖ਼ਤਰੇ ਤੋਂ ਬਾਹਰ ਹੈ। ਇਹ ਪਰਿਵਾਰ ਮਹਾਰਾਸ਼ਟਰ ਵਿੱਚ ਕਲਿਆਣ ਤੋਂ ਹੈ। ਇਨ੍ਹਾਂ ਦੇ ਮਾਪਿਆਂ ਦੀਆਂ ਲਾਸ਼ਾਂ ਨੂੰ ਅਮਰੀਕਾ ਵਿੱਚ ਦਫ਼ਨਾ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਹੈ, ”ਚੰਦਨ ਨੂੰ ਇਸ ਲਈ ਦਫ਼ਨਾਇਆ ਜਾ ਰਿਹਾ ਹੈ ਕਿਉਂਕਿ ਉਸ ਦੀ ਪਤਨੀ ਕੋਮਾ ਵਿੱਚ ਹੈ ਅਤੇ ਇਕੱਲੀ ਉਹੀ ਹੈ, ਜੋ ਲਾਸ਼ ਨੂੰ ਅਗਨੀ ਭੇਟ ਕੀਤੇ ਜਾਣ ਦੀ ਸਹਿਮਤੀ ਦੇ ਸਕਦੀ ਹੈ।” ਅਮਰੀਕੀ ਕਾਨੂੰਨ ਦੇ ਮੁਤਾਬਕ ਲਾਸ਼ ਨੂੰ ਅਗਨੀ ਭੇਟ ਕਰਨ ਲਈ ਪਤੀ ਜਾਂ ਪਤਨੀ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਸੁਸ਼ਮਾ ਸਵਰਾਜ ਨੇ ਇੱਕ ਹੋਰ ਟਵੀਟ ਵਿੱਚ ਕਿਹਾ, ”ਮਨੀਸ਼ਾ ਦੇ ਕੋਮਾਂ ਵਿੱਚੋਂ ਬਾਹਰ ਆਉਣ ਤੱਕ ਚੰਦਨ ਦੀ ਲਾਸ਼ ਨੂੰ ਦਫ਼ਨਾਇਆ ਜਾ ਰਿਹਾ ਹੈ। ਇੱਕ ਵਾਰ ਉਹ ਸਹਿਮਤੀ ਦੇ ਦਿੰਦੀ ਹੈ ਤਾਂ ਚੰਦਨ ਦੀ ਲਾਸ਼ ਨੂੰ ਫਿਰ ਅਗਨੀ ਭੇਟ ਕੀਤਾ ਜਾਵੇਗਾ।” ਸੁਸ਼ਮਾ ਨੇ ਕਿਹਾ ਕਿ ਤਿੰਨਾਂ ਲਈ ਮੌਤ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਪਰਿਵਾਰ ਵਾਲਿਆਂ ਨੂੰ ਇੰਸ਼ੋਰੈਂਸ ਦੀ ਰਕਮ ਮਿਲਣ ਵਿੱਚ ਦਿੱਕਤ ਨਾ ਆਵੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਚੰਦਨ ਦੇ ਪਰਿਵਾਰ ਵਾਲਿਆਂ ਨੇ ਨਿਊਯਾਰਕ ਵਿੱਚ ਭਾਰਤੀ ਮਹਾ ਵਣਜ ਦੂਤ ਦੇ ਪ੍ਰਸਤਾਵ ‘ਤੇ ਸਹਿਮਤੀ ਪ੍ਰਗਟਾਈ ਹੈ।
There are no comments at the moment, do you want to add one?
Write a comment