ਭਾਰਤੀਆਂ ਵਿਚ ਅਮਰੀਕਾ ‘ਚ ਵਸਣ ਲਈ ਵਧ ਰਿਹਾ ਗਰੀਨ ਕਾਰਡ ਦਾ ਟਰੈਂਡ

ਨਵੀਂ ਦਿੱਲੀ, 19 ਜੁਲਾਈ (ਪੰਜਾਬ ਮੇਲ)- ਟਰੰਪ ਸਰਕਾਰ ਵਲੋਂ ਵੀਜ਼ਾ ਨਿਯਮਾਂ ਵਿਚ ਸਖ਼ਤੀ ਦੇ ਵਿਚ ਅਮਰੀਕਾ ਵਿਚ ਵਸਣ ਅਤੇ ਕਾਰੋਬਾਰ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਵਿਚ ਉਥੇ ਦੇ ਈਬੀ-5 ਵੀਜ਼ਾ ਪ੍ਰੋਗਰਾਮ ਵੱਲ ਆਕਰਸ਼ਣ ਵਧ ਰਿਹਾ ਹੈ। ਲੋਕ ਗਰੀਨ ਕਾਰਡ ਖਰੀਦਣ ਲੱਗੇ ਹਨ। ਇਸ ਵੀਜ਼ੇ ਦੇ ਲੋਕਪ੍ਰਿਯ ਹੋਣ ਤੋਂ ਪਹਿਲਾਂ ਹੀ ਇਸ ਵਿਚ ਅੜਿੱਕਾ ਲੱਗਦਾ ਦਿਖ ਰਿਹਾ ਹੈ। ਇਸ ਦੀ ਮੌਜੂਦਾ ਨਿਵੇਸ਼ ਸੀਮਾ ਦੁੱਗਣੀ ਕਰਨ ਦਾ ਪ੍ਰਸਤਾਅ ਸਾਹਮਣੇ ਆ ਗਿਆ ਹੈ। ਈਬੀ-5 ਦੇ ਤਹਿਤ ਨਿਵੇਸ਼ ਦੀ ਰਕਮ 5 ਲੱਖ ਡਾਲਰ ਤੋਂ ਵਧਾ ਕੇ 9,25,000 ਡਾਲਰ ਕੀਤੇ ਜਾਣ ਦੀ ਸੰਭਾਵਨਾ ਨਾਲ ਇਸ ਵੀਜ਼ਾ ਵਿਚ ਵੀ ਅੜਿੱਕਾ ਲੱਗਣ ਦੀ ਸੰਭਾਵਨਾ ਸਾਹਮਣੇ ਆ ਗਈ।
ਈਬੀ-5 ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਛੇਤੀ ਹੀ ਉਸ ਦੇ ਦੂਜੇ ਨੰਬਰ ‘ਤੇ ਪੁੱਜਣ ਦੀ ਸੰਭਾਵਨਾ ਹੈ। ਵਰਤਮਾਨ ਵਿਚ, ਪਹਿਲੇ ਸਥਾਨ ‘ਤੇ ਚੀਨ ਅਤੇ ਦੂਜੇ ‘ਤੇ ਵਿਅਤਨਾਮ ਹੈ।
ਦੱਸ ਦੇਈਏ ਕਿ ਈਬੀ-5 ਵੀਜ਼ਾ ਪ੍ਰੋਗਰਾਮ ਦੇ ਤਹਿਤ, ਗਰੀਨ ਕਾਰਡ ਪਾਉਣ ਦੇ ਲਈ ਵਿਅਕਤੀ ਨੂੰ ਕਿਸੇ ਯੋਜਨਾ ਵਿਚ 5 ਲੱਖ ਤੋਂ 10 ਲੱਖ ਡਾਲਰ ਦੇ ਵਿਚ ਨਿਵੇਸ਼ ਕਰਨਾ ਹੁੰਦਾ ਹੈ, ਜੋ ਕਿ ਅਮਰੀਕਾ ਵਿਚ ਘੱਟ ਤੋਂ ਘੱਟ 10 ਨੌਕਰੀਆਂ ਪੈਦਾ ਕਰ ਸਕੇ। ਇਸ ਤਰ੍ਹਾਂ ਦੇ Îਨਿਵੇਸ਼ ਤੋਂ ਬਾਅਦ ਪੂਰੇ ਪਰਿਵਾਰ ਨੂੰ ਗਰੀਨ ਕਾਰਡ ਅਤੇ ਸਥਾਈ ਨਿਵਾਸ ਉਪਲਬਧ ਹੁੰਦਾ ਹੈ। ਅਮਰੀਕੀ ਵੀਜ਼ਾ ਪ੍ਰੋਗਰਾਮ ਨਾਲ ਜੁੜੇ ਰੀਜਨਲ ਸੈਂਟਰ ਕੈਨਐਮ ਇਨਵੈਸਟਰ ਸਰਵੀਸਿਜ ਦੇ ਭਾਰਤ ਅਤੇ ਪੱਛਮੀ ਏਸ਼ੀਆ ਦੇ ਵਾਈਸ ਪ੍ਰੈਜ਼ੀਡੈਂਟ ਅਭਿਨਵ ਲੋਹੀਆ ਨੇ ਵਧਦੇ ਟਰੈਂਡ ਦੇ ਬਾਰੇ ਵਿਚ ਦੱਸਿਆ ਕਿ ਸਾਲ 2016 ਵਿਚ ਈਬੀ-5 ਦੇ 50 ਨਿਵੇਸ਼ਕ ਮਿਲੇ ਜੋ ਕਿ 2017 ਵਿਚ ਵਧ ਕੇ 97 ਹੋ ਗਏ ਅਤੇ ਇਸ ਸਾਲ ਇਸ ਦੇ 200 ਤੱਕ ਪੁੱਜਣ ਦੀ ਉਮੀਦ ਹੈ। ਅਜੇ ਤੱਕ ਆਏ ਟਰੈਂਡ ਦੇ ਅਨੁਸਾਰ ਸਭ ਤੋਂ ਜ਼ਿਆਦਾ ਰਿਅਲ ਸੈਕਟਰ ਨਾਲ ਜੁੜੇ ਲੋਕ ਇਸ ਵੀਜ਼ੇ ਨੂੰ ਚੁਣਨ ਵੱਲ ਵਧ ਰਹੇ ਹਨ।