ਭਾਰਤ ਦੀ ਕਰਾਰੀ ਹਾਰ, ਟੁੱਟਿਆ ਨੰਬਰ ਵਨ ਬਣਨ ਦਾ ਸੁਫਨਾ

ਧਰਮਸ਼ਾਲਾ, 10 ਦਸੰਬਰ (ਪੰਜਾਬ ਮੇਲ)- ਸੁਰੰਗਾ ਲਕਮਲ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਸਲਾਮੀ ਬੱਲੇਬਾਜ਼ ਉਪੁਲ ਤਰੰਗਾ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਮਦਦ ਨਾਲ ਸ੍ਰੀਲੰਕਾ ਨੇ ਇੱਕਪਾਸੜ ਰਹੇ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲਗਾਤਾਰ 12 ਹਾਰਾਂ ਦੀ ਲੜੀ ਨੂੰ ਤੋੜਦਿਆਂ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾ ਲਈ ਹੈ।
ਭਾਰਤ ਵੱਲੋਂ 113 ਦੌੜਾਂ ਦੇ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਨੇ ਤਰੰਗਾ (49) ਦੀ ਪਾਰੀ ਬਦੌਲਤ 176 ਗੇਂਦਾਂ ਬਾਕੀ ਰਹਿੰਦਿਆਂ ਤਿੰਨ ਵਿਕਟਾਂ ’ਤੇ 114 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਏਂਜਲੋ ਮੈਥਿਊਜ਼ (ਨਾਬਾਦ 25) ਦੇ ਨਿਰੋਸ਼ਨ ਡਿਕਵੇਲਾ (ਨਾਬਾਦ 26) ਨੇ ਚੌਥੀ ਵਿਕਟ ਲਈ 49 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਭਾਰਤ ਦੀ ਘਰੇਲੂ ਧਰਤੀ ’ਤੇ ਗੇਂਦਾਂ ਬਾਕੀ ਰਹਿਣ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ 2007 ’ਚ ਬੜੌਦਾ ’ਚ ਉਸ ਨੂੰ 145 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ।
ਇਸ ਤੋਂ ਪਹਿਲਾਂ ਟੌਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ’ਚ ਉੱਤਰੀ ਭਾਰਤੀ ਟੀਮ ਕੋਲ ਸੁਰੰਗਾ ਲਕਮਲ (13 ਦੌੜਾਂ ’ਤੇ ਚਾਰ ਵਿਕਟਾਂ), ਨੁਵਾਨ ਪ੍ਰਦੀਪ (37 ਦੌੜਾਂ ’ਤੇ ਦੋ ਵਿਕਟਾਂ) ਅਤੇ ਏਂਜਲੋ ਮੈਥਿਊਜ਼ (ਅੱਠ ਦੌੜਾਂ ’ਤੇ ਇੱਕ ਵਿਕਟ) ਦੀ ਤੇਜ਼ ਗੇਂਦਬਾਜ਼ੀ ਦਾ ਕੋਈ ਜਵਾਬ ਨਹੀਂ ਸੀ। ਭਾਰਤੀ ਟੀਮ ਨੇ ਆਪਣੀਆਂ ਪੰਜ ਵਿਕਟਾਂ 16 ਦੌੜਾਂ ਅੰਦਰ ਹੀ ਗੁਆ ਦਿੱਤੀਆਂ ਸਨ ਅਤੇ ਉਸ ’ਤੇ ਇੱਕਰੋਜ਼ਾ ਕੌਮਾਂਤਰੀ ਕ੍ਰਿਕਟ ’ਚ 54 ਦੌੜਾਂ ਦੇ ਆਪਣੇ ਸਭ ਤੋਂ ਛੋਟੇ ਸਕੋਰ ਤੋਂ ਵੀ ਪਹਿਲਾਂ ਆਊਟ ਹੋ ਜਾਣ ਦਾ ਖ਼ਤਰਾ ਮੰਡਰਾ ਰਿਹਾ ਸੀ, ਜੋ ਇਸੇ ਟੀਮ ਖ਼ਿਲਾਫ਼ ਸ਼ਾਰਜਾਹ ’ਚ ਸਾਲ 2000 ’ਚ ਬਣਿਆ ਸੀ। ਧੋਨੀ ਨੇ ਹਾਲਾਂਕਿ ਜੁਝਾਰੂ ਪਾਰੀ ਖੇਡਦਿਆਂ ਟੀਮ ਦਾ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾਇਆ। ਟੀਮ ਇੰਡੀਆ ਦਾ ਇੱਕ ਸਮੇਂ ਸਕੋਰ ਸੱਤ ਵਿਕਟਾਂ ’ਤੇ 29 ਦੌੜਾਂ ਸੀ ਜਿਸ ਮਗਰੋਂ ਧੋਨੀ ਦੇ ਕੁਲਦੀਪ ਯਾਦਵ (19) ਨੇ ਅੱਠਵੇਂ ਵਿਕਟ ਲਈ 47 ਗੇਂਦਾਂ ’ਚ 41 ਦੌੜਾਂ ਜੋੜ ਕੇ ਵਿਕਟਾਂ ਦੀ ਪਤਝੜ ਰੋਕੀ। ਧੋਨੀ ਨੇ ਆਪਣੀ ਪਾਰੀ ’ਚ 10 ਚੌਕੇ ਤੇ ਦੋ ਛੱਕੇ ਜੜੇ। ਉਸ ਤੋਂ ਇਲਾਵਾ ਕੁਲਦੀਪ ਤੇ ਹਾਰਦਿਕ ਪਾਂਡਿਆ (10) ਦੂਹਰੇ ਅੰਕੜੇ ਤੱਕ ਪਹੁੰਚ ਸਕੇ।