ਭਾਜਪਾ ਦਾ ਪੰਜਾਬ ਫਤਹਿ ਦਾ ਸੁਫਨਾ ਹੋਣ ਲੱਗਾ ਚਕਨਾਚੂਰ

51
Share

-ਕਿਸਾਨੀ ਪਿਛਕੋੜ ਵਾਲੇ ਭਾਜਪਾ ਆਗੂ ਅਸਤੀਫੇ ਦੇਣ ਲਈ ਮਜਬੂਰ
ਚੰਡੀਗੜ੍ਹ, 4 ਨਵੰਬਰ (ਪੰਜਾਬ ਮੇਲ) -ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਪੰਜਾਬ ਅੰਦਰ ਭਾਜਪਾ ਦੀ ਖੇਡ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਦੇਸ਼ ਭਰ ਦੇ ਸੂਬਿਆਂ ਅੰਦਰ ਪੈਰ ਜਮਾਉਣ ਮਗਰੋਂ ਭਾਜਪਾ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਪੰਜਾਬ ਫਤਹਿ ਕਰਨ ਦੀ ਰਣਨੀਤੀ ਉਲੀਕ ਰਹੀ ਸੀ। ਇਸ ਲਈ ਚਰਚਾ ਸੀ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੁਝ ਬਾਗੀ ਲੀਡਰ ਭਾਜਪਾ ਵਿਚ ਜਾ ਸਕਦੇ ਹਨ। ਖੇਤੀ ਕਾਨੂੰਨਾਂ ਮਗਰੋਂ ਪੈਦਾ ਹੋਏ ਹਾਲਾਤ ਕਰਕੇ ਹੁਣ ਕਿਸਾਨੀ ਨਾਲ ਜੁੜੇ ਸਿੱਖ ਲੀਡਰ ਭਾਜਪਾ ਦੀ ਗੱਲ ਕਰਨੋਂ ਵੀ ਕਤਰਾਉਣ ਲੱਗੇ ਹਨ।
ਹਾਲਾਤ ਇਹ ਬਣ ਗਏ ਹਨ ਕਿ ਹੁਣ ਕਿਸਾਨੀ ਪਿਛਕੋੜ ਵਾਲੇ ਭਾਜਪਾ ਲੀਡਰ ਅਸਤੀਫੇ ਦੇਣ ਲਈ ਮਜਬੂਰ ਹਨ। ਇਸ ਨੂੰ ਲੈ ਕੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਆਪਣਾ ਫਿਕਰ ਹਾਈਕਮਾਨ ਕੋਲ ਜ਼ਾਹਿਰ ਕੀਤਾ ਹੈ। ਭਾਜਪਾ ਲੀਡਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਦੇ ਵੱਖ ਹੋਣ ਨਾਲ ਹੋਏ ਨੁਕਸਾਨ ਦੀ ਭਰਪਾਈ ਤਾਂ ਸ਼ਾਇਦ ਹੋ ਜਾਂਦੀ ਪਰ ਆਪਣੇ ਹੀ ਲੀਡਰਾਂ ਦੇ ਅਸਤੀਫੇ ਪਾਰਟੀ ਲਈ ਗੰਭੀਰ ਰੁਝਾਨ ਹੈ। ਇਸ ਲਈ ਹੁਣ ਭਾਜਪਾ ਦਾ ਪੰਜਾਬ ਫਤਹਿ ਦਾ ਸੁਫਨਾ ਚਕਨਾਚੂਰ ਹੋਣ ਲੱਗਾ ਹੈ।
ਕੁਝ ਸਮਾਂ ਪਹਿਲਾਂ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਦੀ ਚਰਚਾ ਸੀ। ਤਾਜ਼ਾ ਹਾਲਾਤ ਮਗਰੋਂ ਢੀਂਡਸਾ ਨੇ ਵੀ ਭਾਜਪਾ ਨਾਲ ਲਕੀਰ ਖਿੱਚ ਲਈ ਹੈ। ਢੀਂਡਸਾ ਦਾ ਕਹਿਣਾ ਹੈ ਕਿ ਭਾਜਪਾ ਨੂੰ ਪੂਰੇ ਦੇਸ਼ ਨੇ ਨਕਾਰ ਦਿੱਤਾ ਹੈ ਤੇ ਅਕਾਲੀ ਦਲ (ਡ) ਦਾ ਭਾਜਪਾ ਨਾਲ ਕਿਸੇ ਤਰ੍ਹਾਂ ਦੀ ਸਾਂਝ ਜਾਂ ਗੱਠਜੋੜ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਖੇਤੀ ਕਾਨੂੰਨ ਲਿਆ ਕੇ ਦੇਸ਼ ਭਰ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ।
ਇਸੇ ਤਰ੍ਹਾਂ ਕੁਝ ਹੋਰ ਲੀਡਰਾਂ ਨੇ ਵੀ ਭਾਜਪਾ ਨਾਲੋਂ ਦੂਰੀ ਬਣਾ ਲਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਖੇਤੀ ਕਾਨੂੰਨਾਂ ਮਗਰੋਂ ਜਿਸ ਤਰੀਕੇ ਨਾਲ ਸਿਆਸੀ ਸਮੀਕਰਨ ਬਦਲੇ ਹਨ, ਅਜਿਹੇ ਵਿਚ ਭਾਜਪਾ ਦਾ ਪੰਜਾਬ ਅੰਦਰ ਭਵਿੱਖ ਧੁੰਦਲਾ ਹੋ ਗਿਆ ਹੈ। ਪਾਰਟੀ ਨੇ ਪਿਛਲੇ ਕੁਝ ਸਮੇਂ ‘ਚ ਪੰਜਾਬ ਦੇ ਪਿੰਡਾਂ ਅੰਦਰ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਇੰਨਾ ਖੋਰਾ ਲੱਗਾ ਹੈ ਕਿ ਇਹ ਭਰਪਾਈ ਲੰਬਾ ਸਮਾਂ ਨਹੀਂ ਹੋ ਸਕੇਗੀ।


Share