ਭਗੌੜੇ ਵਿਜੇ ਮਾਲਿਆ ਨੂੰ ਕੁੱਝ ਦਿਨਾਂ ‘ਚ ਕੀਤਾ ਜਾਵੇਗਾ ਭਾਰਤ ਹਵਾਲੇ; ਹਵਾਲਗੀ ਲਈ ਕਾਨੂੰਨੀ ਕਾਰਵਾਈ ਪੂਰੀ

634
Share

ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)-ਭਗੌੜੇ ਸ਼ਰਾਬ ਕਾਰੋਬਾਰੀ ਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਸ ਦੇ ਸੰਸਥਾਪਕ ਵਿਜੈ ਮਾਲਿਆ ਨੂੰ ਅਗਲੇ ਕੁਝ ਦਿਨਾਂ ‘ਚ ਵੀ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਸਰਕਾਰ ਦੇ ਸੀਨੀਅਰ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਮਾਲਿਆ ਦੀ ਹਵਾਲਗੀ ਨਾਲ ਸੰਬੰਧਿਤ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰ ਲਈ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਕ ਸੀਨੀਅਰ ਸੂਤਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਅਸੀਂ ਕਿਸੇ ਵੀ ਸਮੇਂ ਮਾਲਿਆ ਨੂੰ ਬ੍ਰਿਟੇਨ ਤੋਂ ਵਾਪਸ ਭਾਰਤ ਲੈ ਆਵਾਂਗੇ। ਹਾਲਾਂਕਿ ਇਹ ਹਵਾਲਗੀ ਕਿਸ ਦਿਨ ਹੋਵੇਗੀ, ਉਨ੍ਹਾਂ ਨੇ ਇਸ ਬਾਰੇ ਦੱਸਣ ਤੋਂ ਮਨ੍ਹਾ ਕਰ ਦਿੱਤਾ। ਈ.ਡੀ. ਦੇ ਸੂਤਰਾਂ ਮੁਤਾਬਕ ਬ੍ਰਿਟੇਨ ਦੀ ਸੁਪਰੀਮ ਕੋਰਟ ‘ਚ ਮਾਲਿਆ ਦੀ ਪਟੀਸ਼ਨ ਖਾਰਜ ਹੋ ਚੁੱਕੀ ਹੈ। ਭਾਰਤੀ ਜਾਂਚ ਏਜੰਸੀ ਨੇ ਉਸ ਦੀ ਹਵਾਲਗੀ ਲਈ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰ ਲਈ ਹੈ।
ਸੀ.ਬੀ.ਆਈ. ਅਤੇ ਈ.ਡੀ. ਦੀਆਂ ਟੀਮਾਂ ਉਸ ਦੀ ਹਵਾਲਗੀ ‘ਤੇ ਕੰਮ ਕਰ ਰਹੀਆਂ ਹਨ। ਇਸ ਮਾਮਲੇ ਨਾਲ ਜੁੜੇ ਸੀ.ਬੀ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਹਵਾਲਗੀ ਮਗਰੋਂ ਅਸੀਂ ਸਭ ਤੋਂ ਪਹਿਲਾਂ ਉਸ ਨੂੰ ਕਸਟਡੀ ‘ਚ ਲਵਾਂਗੇ ਕਿਉਂਕਿ ਉਸ ਖ਼ਿਲਾਫ਼ ਅਸੀਂ ਸਭ ਤੋਂ ਪਹਿਲਾਂ ਕੇਸ ਦਰਜ ਕੀਤਾ ਸੀ। ਮਾਲਿਆ ਦੀ ਹਵਾਲਗੀ ‘ਚ ਸਭ ਤੋਂ ਵੱਡੀ ਰੁਕਾਵਟ 14 ਮਈ ਨੂੰ ਉਸ ਸਮੇਂ ਦੂਰ ਹੋ ਗਈ ਜਦੋਂ ਮਾਲਿਆ ਆਪਣੀ ਹਵਾਲਗੀ ਖ਼ਿਲਾਫ਼ ਕੇਸ ਹਾਰ ਗਿਆ। ਅਗਲੇ ਅੱਠ ਦਿਨਾਂ ‘ਚ ਉਸ ਨੂੰ ਵਾਪਸ ਲਿਆਉਣਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਤੇ ਦੇਸ਼ ਦੀ ਵੱਡੀ ਸ਼ਰਾਬ ਕੰਪਨੀ ਯੂਨਾਈਟਿਡ ਬੇਵਰੀਜ਼ ਦੇ ਮਾਲਕ ਮਾਲਿਆ ਨੇ ਕਿੰਗਫਿਸ਼ਰ ਏਅਰਲਾਈਨਸ ਸ਼ੁਰੂ ਕੀਤੀ ਸੀ, ਜੋ ਬਾਅਦ ‘ਚ ਬੰਦ ਹੋ ਗਈ। ਹੁਣ ਉਸ ‘ਤੇ ਭਾਰਤ ਦੇ ਕਈ ਬੈਂਕਾਂ ਤੋਂ 9000 ਕਰੋੜ ਰੁਪਏ ਦੀ ਧੋਖਾਦੇਹੀ ਅਤੇ ਮਨੀ ਲਾਂਡ੍ਰਿੰਗ ਦਾ ਕੇਸ ਦਰਜ ਕੀਤਾ ਗਿਆ ਪਰ ਉਹ ਵਿਅਕਤੀਗਤ ਕਾਰਨ ਦੱਸ ਕੇ ਮਈ 2016 ‘ਚ ਭਾਰਤ ਤੋਂ ਭੱਜ ਗਿਆ ਸੀ। ਉਦੋਂ ਤੋਂ ਉਹ ਬ੍ਰਿਟੇਨ ‘ਚ ਹੀ ਰਹਿ ਰਿਹਾ ਹੈ। ਮਾਲਿਆ ਨੇ ਘੱਟ ਤੋਂ ਘੱਟ 17 ਬੈਂਕਾਂ ਨੂੰ ਧੋਖਾ ਦੇ ਕੇ ਕਰਜ਼ਾ ਲਿਆ ਤੇ ਗੈਰ-ਕਾਨੂੰਨੀ ਰੂਪ ਨਾਲ ਕਰਜ਼ੇ ਦਾ ਪੂਰਾ ਪੈਸਾ ਜਾਂ ਇਕ ਹਿੱਸਾ ਵਿਦੇਸ਼ ‘ਚ ਲਗਭਗ 40 ਕੰਪਨੀਆਂ ਦੇ ਖਾਤਿਆਂ ‘ਚ ਟਰਾਂਸਫਰ ਕਰ ਦਿੱਤਾ।
ਅਪ੍ਰੈਲ ‘ਚ ਬ੍ਰਿਟੇਨ ਦੀ ਹਾਈ ਕੋਰਟ ਨੇ ਆਪਣੇ ਇਕ ਫੈਸਲੇ ‘ਚ ਕਿਹਾ ਸੀ ਕਿ ਵਿਜੈ ਮਾਲਿਆ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 14 ਮਈ ਨੂੰ ਕੋਰਟ ਨੇ ਮਾਲਿਆ ਨੂੰ ਸੁਪਰੀਮ ਕੋਰਟ ਜਾਣ ਦਾ ਮੌਕਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਬ੍ਰਿਟੇਨ ਦੇ ਕਾਨੂੰਨ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਹਵਾਲਗੀ ਨੂੰ ਟਾਲਣ ਲਈ ਮਾਲਿਆ ਕੋਲ ਦੋ ਤਰੀਕੇ ਹਨ, ਜਿਨ੍ਹਾਂ ‘ਚ ਇਕ ਸ਼ਰਨ ਮੰਗਣਾ ਹੈ। ਮਾਲਿਆ ਨੂੰ ਭਾਰਤ ਹਵਾਲੇ ਕਰਨ ਲਈ ਦਸੰਬਰ 2018 ‘ਚ ਹੀ ਲੰਡਨ ਦੀ ਵੈਸਟਮਿੰਸਟਰ ਕੋਰਟ ਨੇ ਹੁਕਮ ਦਿੱਤਾ ਸੀ।


Share