ਭਗਵੰਤ ਮਾਨ ਵੱਲੋਂ ਭਰੋਸਾ ਗੁਆ ਚੁੱਕੇ ਆਗੂਆਂ ਦੀ ਬਿਆਨਬਾਜ਼ੀ ਤੋਂ ਕਿਸਾਨ ਸੰਗਠਨਾਂ ਨੂੰ ਸੁਚੇਤ ਰਹਿਣ ਦੀ ਅਪੀਲ

67
Share

ਚੰਡੀਗੜ੍ਹ, 26 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖੇਤੀ ਬਿੱਲਾਂ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਕਿਸਾਨ ਸੰਗਠਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ‘ਅਮਰਿੰਦਰ ਸਿੰਘ ਅਤੇ ਬਾਦਲ ਪੰਜਾਬ ਦੇ ਲੋਕਾਂ ਨਾਲ ਕਦਮ-ਕਦਮ ‘ਤੇ ਧੋਖਾ ਕਰਨ ਦੀ ਤਾਕ ਵਿਚ ਰਹਿੰਦੇ ਹਨ ਅਤੇ ਗੁਮਰਾਹਕੁਨ ਬਿਆਨਬਾਜ਼ੀ ਕਰਦੇ ਹਨ, ਜਿਸ ਦਾ ਇੱਕ-ਮਾਤਰ ਮਕਸਦ ਸੱਤਾ ਦਾ ਸੁੱਖ ਭੋਗਣਾ ਹੈ।’ ਭਗਵੰਤ ਮਾਨ ਨੇ ਕਿਹਾ, ‘ਅੱਜ ਮੁੱਖ ਮੰਤਰੀ ਮੋਦੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਲੜਾਈ ਦੀ ਅਗਵਾਈ ਕਰਨ ਦੀ ਪੇਸ਼ਕਸ਼ ਕਰ ਕੇ ਕਿਸ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪੌਣੇ ਚਾਰ ਸਾਲਾਂ ਦੌਰਾਨ ਅਮਰਿੰਦਰ ਸਿੰਘ ਪੰਜਾਬ ਦੇ ਕਿਸੇ ਇੱਕ ਵੀ ਵਰਗ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰੇ। ਇਸੇ ਤਰ੍ਹਾਂ ਜਦੋਂ 24 ਜੂਨ ਨੂੰ ਸਰਬ ਪਾਰਟੀ ਬੈਠਕ ਦੌਰਾਨ ਬਾਦਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਦਿੱਲੀ ਤੱਕ ਜਾਣ ਦੀ ਸਹਿਮਤੀ ਦੇ ਦਿੱਤੀ ਸੀ, ਤਾਂ ਤਿੰਨ ਮਹੀਨੇ ਅਗਵਾਈ ਕਰਨ ਦੀ ਥਾਂ ਉਹ ਆਪਣੇ ‘ਸ਼ਾਹੀ ਫਾਰਮ-ਹਾਊਸ’ ਵਿਚ ਹੀ ਦੜੇ ਰਹੇ।’
ਬਾਦਲ ਪਰਿਵਾਰ ‘ਤੇ ਨਿਸ਼ਾਨਾਂ ਸੇਧਦਿਆਂ ਮਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਬਾਦਲ ਪਰਿਵਾਰ ਮੋਦੀ ਦਾ ਏਜੰਟ ਬਣ ਕੇ ਰਹਿ ਗਿਆ ਹੈ ਕਿਉਂਕਿ ‘ਸ਼ਾਹੀ ਪਰਿਵਾਰ’ ਵਾਂਗ ਬਾਦਲਾਂ ਦੇ ਟੱਬਰ ਦੀਆਂ ਅਣਗਿਣਤ ਕਮਜ਼ੋਰੀਆਂ ਵੀ ਮੋਦੀ ਦੀ ਅਲਮਾਰੀ ਵਿਚ ਪਈਆਂ ਹਨ।


Share