ਭਗਵੰਤ ਮਾਨ ਦੇ ਲਾਪਤਾ ਹੋਣ ਦਾ ਸਸਪੈਂਸ ਖ਼ਤਮ

bhagwant-mann
ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਲਾਪਤਾ ਹੋਣ ਦਾ ਸਸਪੈਂਸ ਖ਼ਤਮ ਹੋ ਗਿਆ ਹੈ। ਭਗਵੰਤ ਮਾਨ ਨੇ ਵੀਡੀਓ ਜਾਰੀ ਕਰ ਕੇ ਆਖਿਆ ਹੈ ਕਿ ਉਨ੍ਹਾਂ ਨੇ ਆਪਣੇ ਨਿੱਜੀ ਰੁਝੇਵਿਆਂ ਦੇ ਕਾਰਨ ਛੁੱਟੀ ਲਈ ਹੋਈ ਸੀ। ਨਾਲ ਹੀ ਮਾਨ ਨੇ ਪਾਰਟੀ ਤੋਂ ਨਾਰਾਜ਼ ਹੋਣ ਦੀਆਂ ਅਫ਼ਵਾਹਾਂ ਨੂੰ ਵੀ ਸਿਰੇ ਤੋਂ ਖ਼ਾਰਜ ਕੀਤਾ। ਕਰੀਬ ਸੱਤ ਮਿੰਟ ਦੀ ਵੀਡੀਓ ਵਿੱਚ ਭਗਵੰਤ ਮਾਨ ਨੇ ਆਖਿਆ ਕਿ ਉਹ ਫਿਰ ਤੋਂ ਆਪਣੇ ਸੰਸਦੀ ਇਲਾਕੇ ਸੰਗਰੂਰ ਵਿੱਚ ਸਰਗਰਮ ਹੋ ਰਹੇ ਹਨ। ਮਾਨ ਨੇ ਆਖਿਆ ਹੈ ਕਿ ਉਨ੍ਹਾਂ ਬਾਰੇ ਜੋ ਵੀ ਅਫ਼ਵਾਹਾਂ ਉੱਡ ਰਹੀਆਂ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮਾਨ ਅਨੁਸਾਰ ਉਨ੍ਹਾਂ ਨੇ ਪਾਰਟੀ ਨੂੰ ਦੱਸ ਕੇ ਕੁੱਝ ਦਿਨ ਲਈ ਆਪਣੇ ਨਿੱਜੀ ਕੰਮਾਂ ਲਈ ਛੁੱਟੀ ਲਈ ਸੀ। ਯਾਦ ਰਹੇ ਕਿ ਬਾਘਾ ਪੁਰਾਣਾ ਵਿਖੇ ਪਾਰਟੀ ਦੇ ਕਿਸਾਨ ਮੈਨੀਫੈਸਟੋ ਨੂੰ ਰਿਲੀਜ਼ ਕਰਨ ਤੋਂ ਬਾਅਦ ਭਗਵੰਤ ਮਾਨ ਅਚਾਨਕ ਲਾਪਤਾ ਹੋ ਗਏ ਸਨ। ਇਸ ਦੌਰਾਨ ਇਹ ਅਫ਼ਵਾਹ ਵੀ ਰਹੀ ਕਿ ਭਗਵੰਤ ਮਾਨ ਪਾਰਟੀ ਤੋਂ ਕੁੱਝ ਕਾਰਨਾਂ ਕਰ ਕੇ ਨਾਰਾਜ਼ ਹੋ ਗਏ ਹਨ। ਇਸ ਕਰ ਕੇ ਉਹ ਕਿਸੇ ਗੁਪਤ ਥਾਂ ਉੱਤੇ ਚਲੇ ਗਏ ਹਨ।

Leave a Reply